05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੂਬੇ ਦੀ ਸਿਆਸਤ ਵਿਚ ਹੋਇਆ ਉਲਟਫੇਰ ਸਿਰਜੇਗਾ 2027 ਦੇ ਰਣਖੇਤਰ ਦੀ ਨਵੀਂ ਤਸਵੀਰ <br/>

Ad Position 21
No active advertisement
ਅਜੀਤ ਡੈਸਕ 26-04-2026
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 25 ਅਪ੍ਰੈਲ-ਪੰਜਾਬ ਦੀ ਸਿਆਸਤ ਵਿਚ ਹੋਏ ਵੱਡੇ ਸਿਆਸੀ ਉਲਟਫੇਰ ਨੂੰ ਮਹਿਜ਼ ਇਕ ਦਲ-ਬਦਲੀ ਨਹੀਂ, ਸਗੋਂ ਸੂਬੇ ਦੇ ਸਿਆਸੀ ਇਤਿਹਾਸ ਦਾ ਇਕ ਅਜਿਹਾ ਅਹਿਮ ਮੋੜ ਮੰਨਿਆ ਜਾ ਰਿਹਾ ਹੈ, ਜੋ 2027 ਦੇ ਰਣ ਖੇਤਰ ਦੀ ਨਵੀਂ ਤਸਵੀਰ ਸਿਰਜੇਗਾ | 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 117 ਵਿਚੋਂ 92 ਸੀਟਾਂ ਜਿੱਤ ਕੇ ਇਤਿਹਾਸ ਰਚਣ ਵਾਲੀ ਆਮ ਆਦਮੀ ਪਾਰਟੀ ਲਈ ਇਹ ਬਿਨ੍ਹਾਂ ਸ਼ੱਕ ਇਕ ਅਹਿਮ ਘਟਨਾ ਹੈ | ਪਾਰਟੀ ਦੇ ਕੌਮੀ ਪੱਧਰ ਦੇ ਆਗੂ ਰਾਘਵ ਚੱਢਾ, ਚੋਣ ਰਣਨੀਤੀਕਾਰ ਮੰਨੇ ਜਾਂਦੇ ਸੰਦੀਪ ਪਾਠਕ, ਖੇਡ ਜਗਤ ਦੇ ਸਿਤਾਰੇ ਹਰਭਜਨ ਸਿੰਘ ਤੇ ਅਸ਼ੋਕ ਮਿੱਤਲ, ਰਾਜਿੰਦਰ ਗੁਪਤਾ ਵਰਗੇ ਉਦਯੋਗਪਤੀਆਂ ਦੇ ਨਾਲ-ਨਾਲ ਪਦਮ ਸ਼੍ਰੀ ਵਿਕਰਮਜੀਤ ਸਾਹਨੀ ਵਰਗੇ ਵੱਡੇ ਨਾਵਾਂ ਦਾ ਪਾਰਟੀ ਛੱਡਣਾ ਸਿਆਸੀ ਹਲਕਿਆਂ ਵਿਚ ਡੂੰਘੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਮਾਂ ਪਾਰਟੀ ਹਾਈਕਮਾਂਡ ਲਈ ਆਪਣੇ ਅੰਦਰੂਨੀ ਢਾਂਚੇ ਅਤੇ ਪੰਜਾਬ ਇਕਾਈ ਦੀ ਕਾਰਜਪ੍ਰਣਾਲੀ ਉੱਤੇ ਮੁੜ ਵਿਚਾਰ ਕਰਨ ਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਹੁਣ ਸਿਰਫ਼ ਸੂਬੇ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨਾ ਹੀ ਨਹੀਂ, ਸਗੋਂ ਆਪਣੇ ਸੰਗਠਨ ਨੂੰ ਮਜ਼ਬੂਤ ਤੇ ਇਕਜੁੱਟ ਰੱਖਣਾ ਇਕ ਵੱਡੀ ਜ਼ਿੰਮੇਵਾਰੀ ਹੋਵੇਗੀ | ਦੂਜੇ ਪਾਸੇ, ਭਾਜਪਾ 'ਤੇ ਅਕਸਰ ਇਹ ਸਿਆਸੀ ਦੋਸ਼ ਲੱਗਦਾ ਰਿਹਾ ਹੈ ਕਿ ਪੰਜਾਬ ਵਿਚ ਉਸ ਕੋਲ ਮਜ਼ਬੂਤ ਸਥਾਨਕ ਤੇ ਸਿੱਖ ਚਿਹਰਿਆਂ ਦੀ ਘਾਟ ਹੈ, ਪਰ ਇਸ ਇੱਕੋ ਝਟਕੇ ਨਾਲ ਭਾਜਪਾ ਨੇ ਪੰਜਾਬ ਦੇ ਖੇਡ ਪ੍ਰੇਮੀਆਂ, ਵਪਾਰਕ ਵਰਗ ਤੇ ਅਹਿਮ ਭਾਈਚਾਰਿਆਂ ਤੱਕ ਆਪਣੀ ਸਿੱਧੀ ਪਹੁੰਚ ਬਣਾ ਲਈ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਾਲੀਆ ਬਿਆਨਾਂ ਤੇ ਇਸ ਤਾਜ਼ਾ ਘਟਨਾਕ੍ਰਮ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਸਪਸ਼ਟ ਹੈ ਕਿ ਭਾਜਪਾ ਨੇ 2027 ਵਿਚ 'ਇਕੱਲੇ ਚੱਲੋ' ਦੀ ਨੀਤੀ ਤਹਿਤ ਖੁਦ ਨੂੰ ਇਕ 'ਜੂਨੀਅਰ ਪਾਰਟਨਰ' ਦੀ ਬਜਾਏ 'ਮੁੱਖ ਦਾਅਵੇਦਾਰ' ਵਜੋਂ ਪੇਸ਼ ਕਰ ਦਿੱਤਾ ਹੈ | ਇਹ ਸਿਆਸੀ ਉੱਥਲ-ਪੁਥਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਵੀ ਨਵੇਂ ਸਮੀਕਰਨ ਲੈ ਕੇ ਆਈ ਹੈ ਜਿੱਥੇ ਕਾਂਗਰਸ ਸੱਤਾਧਾਰੀ ਧਿਰ ਦੇ ਮੌਜੂਦਾ ਹਾਲਾਤ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਮੁੱਖ ਵਿਰੋਧੀ ਧਿਰ ਵਜੋਂ ਹੋਰ ਮਜ਼ਬੂਤ ਕਰਨਾ ਚਾਹੇਗੀ, ਉੱਥੇ ਹੀ ਭਾਜਪਾ ਦਾ ਤੇਜ਼ੀ ਨਾਲ ਵੱਧਦਾ ਗ੍ਰਾਫ਼ ਸ਼ਹਿਰੀ ਵੋਟ ਬੈਂਕ ਵਿਚ ਕਾਂਗਰਸ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ | ਅਕਾਲੀ ਦਲ ਲਈ ਇਹ ਆਪਣੇ ਰਵਾਇਤੀ ਪੰਥਕ ਵੋਟ ਬੈਂਕ ਨੂੰ ਬਚਾਉਣ ਦੀ ਲੜਾਈ ਹੋਵੇਗੀ, ਕਿਉਂਕਿ ਭਾਜਪਾ ਵਲੋਂ ਸਿੱਖ ਚਿਹਰਿਆਂ ਨੂੰ ਅੱਗੇ ਕਰਨਾ ਖੇਤਰੀ ਪਛਾਣ ਦੀ ਸਿਆਸਤ ਨੂੰ ਨਵਾਂ ਮੋੜ ਦੇਵੇਗਾ | ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਰਵਾਇਤੀ ਪਾਰਟੀਆਂ ਵਿਚਾਲੇ ਅਜਿਹੀ ਸਿਆਸੀ ਖਿੱਚੋਤਾਣ ਵੱਧਦੀ ਹੈ, ਤਾਂ ਗੈਰ-ਰਵਾਇਤੀ ਜਾਂ 'ਤੀਜੇ ਬਦਲ' ਦੀ ਸਿਆਸਤ ਲਈ ਰਾਹ ਪੱਧਰਾ ਹੁੰਦਾ ਹੈ, ਜਿਸ ਵਿਚ ਭਾਈ ਅੰਮਿ੍ਤਪਾਲ ਸਿੰਘ ਵਰਗੀਆਂ ਸ਼ਖਸੀਅਤਾਂ ਅਤੇ ਪੰਥਕ ਮੁੱਦਿਆਂ ਦੇ ਮੁੜ ਕੇਂਦਰ ਵਿਚ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਚੋਣ ਮੈਦਾਨ ਪੰਜ-ਕੋਣੀ ਮੁਕਾਬਲੇ ਵੱਲ ਵੱਧ ਰਿਹਾ ਹੈ, ਜਿੱਥੇ ਭਾਜਪਾ 'ਡਬਲ ਇੰਜਣ ਸਰਕਾਰ' ਦਾ ਨਾਅਰਾ ਦੇਵੇਗੀ ਤੇ ਬਾਕੀ ਧਿਰਾਂ ਪੰਜਾਬ ਦੀ ਪਛਾਣ ਤੇ ਕਿਸਾਨੀ ਮੁੱਦਿਆਂ 'ਤੇ ਜ਼ੋਰ ਦੇਣਗੀਆਂ | ਪੰਜਾਬ ਦਾ ਵੋਟਰ ਬੇਹੱਦ ਸੂਝਵਾਨ ਹੈ ਤੇ ਉਹ ਸਿਆਸੀ ਬਦਲਾਵਾਂ ਨੂੰ ਬਹੁਤ ਗੰਭੀਰਤਾ ਨਾਲ ਪਰਖਦਾ ਹੈ | ਭਾਜਪਾ ਦੀ ਇਹ ਰਣਨੀਤੀ ਪੰਜਾਬੀਆਂ ਦੇ ਦਿਲਾਂ ਵਿਚ ਕਿੰਨੀ ਜਗ੍ਹਾ ਬਣਾਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਕ ਗੱਲ ਤੈਅ ਹੈ ਕਿ 2027 ਦੀ ਜੰਗ ਹੁਣ ਸਿਰਫ਼ ਸਿਆਸੀ ਨਾਅਰਿਆਂ ਦੀ ਨਹੀਂ, ਸਗੋਂ ਲੋਕਾਂ ਦੇ ਭਰੋਸੇ ਅਤੇ ਜ਼ਮੀਨੀ ਹਕੀਕਤ ਦੀ ਜੰਗ ਬਣ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਤੇਜ਼ੀ ਨਾਲ ਬਦਲਣ ਲੱਗੀ ਪੰਜਾਬ ਦੀ ਸਿਆਸੀ ਆਬੋ ਹਵਾ <br/>
Ad Position 24
No active advertisement