ਫ਼ਾਜ਼ਿਲਕਾ, 26 ਅਪ੍ਰੈਲ (ਦਵਿੰਦਰ ਪਾਲ ਸਿੰਘ)-ਗੈਰ ਵਿੱਦਿਅਕ ਕੰਮਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਅਧਿਆਪਕਾਂ ਨੂੰ ਉਡੀਕ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਨੂੰ ਪਹਿਲ ਅਤੇ ਬਾਕੀ ਗੈਰ ਵਿੱਦਿਅਕ ਕੰਮਾਂ ਨੂੰ ਪੜ੍ਹਾਈ ਦੇ ਰਾਹ ਦਾ ਰੋੜਾ ਨਹੀਂ ਬਣਨ ਦੇਵੇਗੀ, ਪਰ ਵੋਟਾਂ ਦੀ ਸੁਧਾਈ, ਮਰਦਮਸ਼ੁਮਾਰੀ, ਅਮਲੀਆਂ ਦੀ ਗਿਣਤੀ, ਸਿਹਤ ਬੀਮਾ ਸਕੀਮ ਤੇ ਹੋਰ ਗੈਰ ਵਿੱਦਿਅਕ ਕੰਮ ਤਰਜੀਹੀ ਆਧਾਰ 'ਤੇ ਕੀਤੇ ਜਾ ਰਹੇ ਹਨ ਤੇ ਸਿੱਖਿਆ ਖੂੰਜੇ ਲਾ ਦਿੱਤੀ ਗਈ ਹੈ | ਸਿੱਖਿਆ ਮਾਹਿਰਾਂ ਅਨੁਸਾਰ ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲ ਹਨ, ਜਿਨ੍ਹਾਂ ਵਿਚੋਂ ਬਹੁ ਗਿਣਤੀ 13000 ਪ੍ਰਾਇਮਰੀ ਸਕੂਲ ਹਨ, ਜਿੱਥੇ ਬਹੁਗਿਣਤੀ ਸਕੂਲਾਂ ਵਿਚ 2 ਅਧਿਆਪਕ ਹਨ ਤੇ ਸੈਂਕੜੇ ਸਕੂਲ ਇਕ ਹੀ ਅਧਿਆਪਕ ਵਾਲੇ ਹਨ | ਇਨ੍ਹਾਂ ਵਿਚ ਹੁਣ ਸਥਿਤੀ ਇਹ ਬਣ ਗਈ ਹੈ ਕਿ ਜਿਹੜੇ ਪਹਿਲੇ ਹੀ 1 ਜਾਂ 2 ਅਧਿਆਪਕ ਹਨ ਉਹ ਵੀ ਮਰਦਮਸ਼ੁਮਾਰੀ 'ਤੇ ਲਗਾ ਲਏ ਗਏ ਹਨ | ਜੇ 2000 ਮਿਡਲ, 2000 ਹਾਈ ਤੇ 2000 ਹਜ਼ਾਰ ਦੇ ਕਰੀਬ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਕੂਲਾਂ ਵਿਚੋਂ ਵੀ 70 ਫੀਸਦੀ ਸਟਾਫ਼ ਮਰਦਮਸ਼ੁਮਾਰੀ 'ਤੇ ਲਗਾ ਲਿਆ ਗਿਆ ਹੈ | ਸੂਤਰਾਂ ਅਨੁਸਾਰ ਪੰਜਾਬ ਦੇ 12400 ਪਿੰਡ ਹਨ, 25000 ਅਧਿਆਪਕ ਪਹਿਲਾ ਹੀ ਬੀ.ਐਲ.ਓ. ਹਨ ਤੇ ਉਹ ਸੁਧਾਈ ਦਾ ਕੰਮ ਕਰ ਰਹੇ ਹਨ | 15000 ਹੋਰ ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਰਵੇਖਣ 'ਤੇ ਲਗਾਇਆ ਗਿਆ ਹੈ | ਹਜ਼ਾਰਾਂ ਕੰਪਿਊਟਰ ਅਧਿਆਪਕ, ਕਲਰਕ 'ਤੇ ਹੋਰ ਅਮਲਾ ਵੀ ਦਫ਼ਤਰੀ ਡਿਊਟੀਆਂ 'ਤੇ ਹੈ | ਇਹ ਦਰਦ ਭਰੀ ਕਹਾਣੀ ਇੱਥੇ ਮੁੱਕਦੀ ਨਹੀਂ, ਕਿਉਂ ਕਿ ਜੋ 35-50 ਫੀਸਦੀ ਸਟਾਫ਼ ਸਕੂਲ ਬਚਿਆ ਹੈ, ਉਹ ਐਮ. ਸਟਾਰ, ਈ. ਪੰਜਾਬ, ਗੂਗਲ ਸ਼ੀਟਾਂ ਅਤੇ ਦਫ਼ਤਰੀ ਕੰਮਾਂ ਦੇ ਅੰਕੜੇ ਇਕੱਠੇ ਕਰਨ ਤੱਕ ਸੀਮਤ ਹੈ | ਅਧਿਆਪਕ ਜਥੇਬੰਦੀਆਂ, ਮੀਡੀਆ ਵਾਰ-ਵਾਰ ਇਸ ਮੁੱਦੇ ਨੂੰ ਸਰਕਾਰ ਤੱਕ ਪਹੁੰਚਾ ਰਿਹਾ ਹੈ, ਪਰ ਇਸਦਾ ਕੋਈ ਸੁਖਾਵਾਂ ਹੱਲ ਨਿਕਲਣ ਦੀ ਬਜਾਏ ਸਮੱਸਿਆ ਹੋਰ ਵਧਦੀ ਜਾ ਰਹੀ ਹੈ | ਸਿੱਖਿਆ ਸੂਤਰਾਂ ਅਨੁਸਾਰ 80 ਹਜ਼ਾਰ ਤੋਂ ਵੱਧ ਅਧਿਆਪਕ ਗੈਰ ਵਿੱਦਿਅਕ ਕੰਮਾਂ ਲਈ ਸਕੂਲਾਂ ਤੋਂ ਬਾਹਰ ਕਰ ਦਿੱਤੇ ਗਏ ਹਨ | 27 ਲੱਖ ਵਿਦਿਆਰਥੀਆਂ ਦੀ ਪੜ੍ਹਾਈ ਬੇਹੱਦ ਪ੍ਰਭਾਵਿਤ ਹੋ ਰਹੀ ਹੈ | ਪਰ ਸਰਕਾਰੀ ਪੱਖ ਤੋਂ ਕਦੇ ਵੀ ਅਫ਼ਸਰਸ਼ਾਹੀ ਦੇ ਹੁਕਮਾਂ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ | ਜਿਸ ਦਾ ਨਤੀਜਾ ਲੱਖਾਂ ਵਿਦਿਆਰਥੀਆਂ ਨੂੰ ਚੁਕਾਉਣਾ ਪੈ ਰਿਹਾ ਹੈ | ਸਿੱਖਿਆ ਸੂਤਰਾਂ ਅਨੁਸਾਰ ਪ੍ਰਾਈਵੇਟ ਸਕੂਲ ਵੀ ਤਾਂ ਪੰਜਾਬ ਜਾਂ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਹਨ, ਪਰ ਉੱਥੇ ਸਿਰਫ਼ ਪੜ੍ਹਾਈ ਹੋ ਰਹੀ ਹੈ, ਉੱਥੋਂ ਦੇ ਕਿਸੇ ਪਿ੍ੰਸੀਪਲ ਜਾਂ ਅਧਿਆਪਕ ਨੂੰ ਮਰਦਮਸ਼ੁਮਾਰੀ 'ਤੇ ਨਹੀਂ ਲਗਾਇਆ ਜਾ ਰਿਹਾ, ਕਾਰਨ ਸਾਫ਼ ਹੈ ਕਿ ਉਹ ਗ਼ਰੀਬਾਂ ਦੇ ਸਕੂਲ ਨਹੀਂ ਹਨ, ਉਹ ਅਮੀਰਾਂ ਅਤੇ ਧਨਾਢਾਂ ਦੇ ਸਕੂਲ ਹਨ | ਸਾਰੀ ਮਾਰ ਥੁੜਾਂ ਮਾਰੇ ਦਲਿਤਾਂ, ਪੱਛੜੀਆਂ ਜਾਤੀਆਂ ਅਤੇ ਗ਼ਰੀਬਾਂ ਦੇ ਸਰਕਾਰੀ ਸਕੂਲਾਂ ਨੂੰ ਹੀ ਪੈ ਰਹੀ ਹੈ | ਤਾਜ਼ਾ ਸਥਿਤੀ ਇਹ ਵੀ ਬਣੀ ਪਈ ਹੈ ਕਿ ਸਕੂਲ ਬੇਸ਼ੱਕ ਖੁੱਲ੍ਹੇ ਹਨ ਪਰ ਅਧਿਆਪਕ ਨਹੀਂ, ਜੇ ਅਧਿਆਪਕ ਨਹੀਂ ਤਾਂ ਗਿਆਨ ਦੀ ਜੋਤ ਕਿਵੇਂ ਜਗੇਗੀ | ਸਿੱਖਿਆ ਸੁਧਾਰ ਕਮੇਟੀ ਪੰਜਾਬ ਦੇ ਬੁਲਾਰੇ ਹੰਸ ਰਾਜ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਰਹਿਮ ਭਰੀ ਅਪੀਲ ਕਰਦਿਆਂ ਆਖਿਆ ਕਿ ਇਹ ਬੇਹੱਦ ਗੰਭੀਰ ਮੁੱਦਾ ਹੈ | ਇਸ 'ਤੇ ਮੰਥਨ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ 'ਤੇ ਹੀ ਲਗਾਇਆ ਜਾਵੇ, ਜੇ ਇਹੀ ਹਾਲ ਰਿਹਾ ਤਾਂ ਵਿੱਦਿਅਕ ਕ੍ਰਾਂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ |
80 ਹਜ਼ਾਰ ਤੋਂ ਵੱਧ ਅਧਿਆਪਕ ਸਕੂਲੋਂ ਬਾਹਰ 27 ਲੱਖ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ <br/>
ਅਜੀਤ ਡੈਸਕ
27-04-2026