ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਸਕਦੇ ਹਨ ਹੋਰ ਵੀ ਸਿਆਸੀ ਬਦਲਾਅ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 26 ਅਪ੍ਰੈਲ-ਦੇਸ਼ ਦੀ ਸਿਆਸਤ 'ਚ ਇਕ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਮੈਂਬਰਾਂ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਮੂਲੀਅਤ ਨੇ ਸਿਰਫ਼ ਦਿੱਲੀ ਹੀ ਨਹੀਂ, ਸਗੋਂ ਪੰਜਾਬ ਦੀ ਸਿਆਸਤ ਵਿਚ ਵੀ ਹਲਚਲ ਪੈਦਾ ਕਰ ਦਿੱਤੀ ਹੈ | ਖ਼ਾਸ ਕਰਕੇ ਪੰਜਾਬ ਕਾਂਗਰਸ ਦੇ ਅੰਦਰ ਇਸ ਨੂੰ ਲੈ ਕੇ ਗੰਭੀਰ ਚਰਚਾਵਾਂ ਤੇ ਅੰਦਰੂਨੀ ਮੰਥਨ ਦੀ ਲਹਿਰ ਦਿਖਾਈ ਦੇ ਰਹੀ ਹੈ | ਸੂਤਰਾਂ ਮੁਤਾਬਕ, 'ਆਪ' ਦੇ ਸੀਨੀਅਰ ਆਗੂਆਂ/ਰਾਜ ਸਭਾ ਮੈਂਬਰਾਂ ਵਲੋਂ ਭਾਜਪਾ ਵਿਚ ਜਾਣ ਦਾ ਇਹ ਕਦਮ ਸਿਰਫ਼ ਇਕ ਸਿਆਸੀ ਬਦਲਾਅ ਨਹੀਂ, ਬਲਕਿ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ | ਇਸ ਨਾਲ ਸੂਬੇ ਵਿਚ ਵਿਰੋਧੀ ਧਿਰਾਂ ਦੇ ਅੰਦਰ ਅਸਥਿਰਤਾ ਦਾ ਮਾਹੌਲ ਬਣ ਗਿਆ ਹੈ | ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਇਸ ਤਾਜ਼ਾ ਸਿਆਸੀ ਸਮੀਕਰਨ ਨੂੰ ਲੈ ਕੇ ਆਪਣੀ ਚਿੰਤਾ ਜਤਾਈ ਹੈ | ਪਾਰਟੀ ਦੇ ਅੰਦਰ ਖੁੰਡ ਚਰਚਾ ਇਸ ਗੱਲ ਨੂੰ ਲੈ ਕੇ ਹੈ ਕਿ ਜੇਕਰ 'ਆਪ' ਦੇ ਨੇਤਾ ਭਾਜਪਾ ਵੱਲ ਰੁਖ ਕਰ ਸਕਦੇ ਹਨ ਤਾਂ ਕਾਂਗਰਸ ਦੇ ਕੁਝ ਨਾਰਾਜ਼ ਆਗੂ ਵੀ ਅਜਿਹਾ ਕਦਮ ਚੁੱਕ ਸਕਦੇ ਹਨ | ਕਈ ਸਾਬਕਾ ਵਿਧਾਇਕਾਂ ਤੇ ਮੌਜੂਦਾ ਵਿਧਾਇਕਾਂ ਦੇ ਬਾਰੇ ਚਰਚਾ ਹੈ ਕਿ ਉਹ ਭਾਜਪਾ ਦੇ ਸੰਪਰਕ ਵਿਚ ਹਨ | ਹਾਲਾਂਕਿ ਇਸ ਬਾਰੇ ਕੋਈ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ, ਪਰ ਅੰਦਰੂਨੀ ਮੀਟਿੰਗਾਂ ਅਤੇ ਗੁਪਤ ਮੁਲਾਕਾਤਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ | ਇਸ ਮਾਮਲੇ ਨੂੰ ਹੋਰ ਮਜ਼ਬੂਤੀ ਉਸ ਵੇਲੇ ਮਿਲਦੀ ਹੈ ਜਦੋਂ ਪਿਛਲੇ ਕੁਝ ਸਾਲਾਂ ਦੀ ਸਿਆਸੀ ਤਸਵੀਰ ਵੱਲ ਨਜ਼ਰ ਮਾਰੀ ਜਾਵੇ | ਪਹਿਲਾਂ ਵੀ ਕਾਂਗਰਸ ਦੇ ਕਈ ਸਾਬਕਾ ਮੰਤਰੀ, ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ | ਇਹ ਰੁਝਾਨ ਦਰਸਾਉਂਦਾ ਹੈ ਕਿ ਸੂਬੇ ਦੀ ਰਾਜਨੀਤੀ 'ਚ ਦਲ-ਬਦਲ ਦੀ ਰਵਾਇਤ ਲਗਾਤਾਰ ਵਧ ਰਹੀ ਹੈ | ਇਸ ਪਿਛੋਕੜ ਵਿਚ ਮੌਜੂਦਾ ਚਰਚਾਵਾਂ ਨੂੰ ਕਾਂਗਰਸ ਲਈ ਹੋਰ ਵੀ ਗੰਭੀਰ ਮੰਨਿਆ ਜਾ ਰਿਹਾ ਹੈ, ਕਿਉਂਕਿ ਪਾਰਟੀ ਪਹਿਲਾਂ ਹੀ ਅਜਿਹੇ ਝਟਕੇ ਸਹਿ ਚੁੱਕੀ ਹੈ | ਇਸ ਕਰਕੇ ਲੀਡਰਸ਼ਿਪ 'ਤੇ ਦਬਾਅ ਵਧ ਗਿਆ ਹੈ ਕਿ ਉਹ ਇਸ ਵਾਰ ਅਜਿਹੇ ਕਿਸੇ ਵੀ ਸੰਭਾਵਿਤ ਨੁਕਸਾਨ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ | ਕਾਂਗਰਸ ਦੇ ਕੁਝ ਸਾਬਕਾ ਵਿਧਾਇਕ, ਜੋ ਪਿਛਲੀਆਂ ਚੋਣਾਂ ਵਿਚ ਹਾਰ ਗਏ ਸਨ, ਉਹ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਹਨ | ਸੂਤਰਾਂ ਅਨੁਸਾਰ, ਕੁਝ ਸਾਬਕਾ ਕਾਂਗਰਸੀ ਆਗੂਆਂ ਨੇ ਦਿੱਲੀ ਤੇ ਚੰਡੀਗੜ੍ਹ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਗੁਪਤ ਬੈਠਕਾਂ ਵੀ ਕੀਤੀਆਂ ਹਨ | ਇਹ ਮੀਟਿੰਗਾਂ ਆਉਣ ਵਾਲੇ ਸਮੇਂ ਵਿਚ ਹੋ ਸਕਦੇ ਸਿਆਸੀ ਰਲੇਵੇ ਲਈ ਮੰਚ ਤਿਆਰ ਕਰ ਰਹੀਆਂ ਹਨ | ਇਸ ਮਾਮਲੇ ਦਾ ਇੱਕ ਹੋਰ ਪੱਖ ਇਹ ਵੀ ਹੈ ਕਿ ਕੁਝ ਮੌਜੂਦਾ ਕਾਂਗਰਸੀ ਵਿਧਾਇਕਾਂ ਦੇ ਬਾਰੇ ਵੀ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਉਹ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ ਹਨ | ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਪਾਰਟੀ ਦੀ ਅੰਦਰੂਨੀ ਗੁਟਬਾਜ਼ੀ, ਟਿਕਟ ਵੰਡ ਅਤੇ ਭਵਿੱਖੀ ਰਣਨੀਤੀ ਨੂੰ ਲੈ ਕੇ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਵਿਧਾਇਕ ਆਪਣੇ ਹਲਕਿਆਂ ਵਿਚ ਵਧ ਰਹੇ ਭਾਜਪਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿਆਸੀ ਪੱਖ ਬਦਲਣ ਬਾਰੇ ਸੋਚ ਰਹੇ ਹਨ | ਇਸ ਪੂਰੇ ਮਾਮਲੇ 'ਚ ਭਾਜਪਾ ਦੀ ਭੂਮਿਕਾ ਵੀ ਕਾਫ਼ੀ ਸਰਗਰਮ ਦਿਖਾਈ ਦੇ ਰਹੀ ਹੈ | ਪੰਜਾਬ ਵਿਚ ਆਪਣੀ ਜਗ੍ਹਾ ਮਜ਼ਬੂਤ ਕਰਨ ਲਈ ਭਾਜਪਾ ਵਲੋਂ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨਾਲ ਸੰਪਰਕ ਬਣਾਏ ਜਾ ਰਹੇ ਹਨ | ਭਾਜਪਾ ਪੰਜਾਬ ਵਿਚ ਕਾਂਗਰਸ ਅਤੇ 'ਆਪ' ਦੇ ਨਾਰਾਜ਼ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਇੱਕ ਵੱਡੀ ਸਿਆਸੀ ਤਾਕਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਲਈ ਪਾਰਟੀ ਵਲੋਂ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਜਾਰੀ ਹੈ | ਇਹ ਸਾਰਾ ਘਟਨਾਕ੍ਰਮ ਪੰਜਾਬ ਕਾਂਗਰਸ ਲਈ ਇੱਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਇਆ ਹੈ | ਪਾਰਟੀ ਲੀਡਰਸ਼ਿਪ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਆਪਣੇ ਨਾਰਾਜ਼ ਆਗੂਆਂ ਨੂੰ ਮਨਾਉਣ ਅਤੇ ਪਾਰਟੀ ਨੂੰ ਇਕਜੁੱਟ ਰੱਖਣ ਲਈ ਤੁਰੰਤ ਕਦਮ ਚੁੱਕੇ | ਸੂਤਰਾਂ ਮੁਤਾਬਕ, ਆਉਣ ਵਾਲੇ ਦਿਨਾਂ ਵਿਚ ਕਾਂਗਰਸ ਵਲੋਂ ਕਈ ਅਹਿਮ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਇਸ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ | ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਵੀ ਪੰਜਾਬ ਯੂਨਿਟ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ | ਪੰਜਾਬ ਵਿਚ ਤਿੰਨਾਂ ਵੱਡੀਆਂ ਪਾਰਟੀਆਂ 'ਆਪ', ਕਾਂਗਰਸ ਤੇ ਭਾਜਪਾ ਦੇ ਵਿਚਕਾਰ ਮੁਕਾਬਲਾ ਹੋਰ ਵੀ ਤਿੱਖਾ ਹੋ ਸਕਦਾ ਹੈ | ਜੇਕਰ ਕਾਂਗਰਸ ਆਪਣੇ ਅੰਦਰੂਨੀ ਮਸਲਿਆਂ ਨੂੰ ਜਲਦੀ ਹੱਲ ਨਹੀਂ ਕਰਦੀ ਤਾਂ ਪਾਰਟੀ ਨੂੰ ਹੋਰ ਨੁਕਸਾਨ ਵੀ ਹੋ ਸਕਦਾ ਹੈ | ਕੁੱਲ ਮਿਲਾ ਕੇ, ਆਪ ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿਚ ਜਾਣਾ ਪੰਜਾਬ ਦੀ ਸਿਆਸਤ ਵਿਚ ਇੱਕ ਵੱਡਾ ਭੂਚਾਲ ਸਾਬਤ ਹੋ ਰਿਹਾ ਹੈ | ਇਸ ਨਾਲ ਨਾ ਸਿਰਫ਼ 'ਆਪ' ਨੂੰ ਝਟਕਾ ਲੱਗਿਆ ਹੈ, ਸਗੋਂ ਕਾਂਗਰਸ ਦੇ ਅੰਦਰ ਵੀ ਅਸਥਿਰਤਾ ਵਧੀ ਹੈ | ਅਗਲੇ ਕੁਝ ਹਫ਼ਤੇ ਪੰਜਾਬ ਦੀ ਸਿਆਸਤ ਲਈ ਕਾਫ਼ੀ ਮਹੱਤਵਪੂਰਨ ਰਹਿਣ ਵਾਲੇ ਹਨ |
'ਆਪ' ਦੇ ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਜਾਣ ਮਗਰੋਂ ਪੰਜਾਬ ਕਾਂਗਰਸ ਅੰਦਰ ਤੇਜ਼ ਹੋਈ ਖੁੰਢ ਚਰਚਾ <br/>
ਅਜੀਤ ਡੈਸਕ
27-04-2026