ਸੰਗਰੂਰ, ਧਰਮਗੜ੍ਹ, 26 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਇਟਰਨਲ 'ਵਰਸਿਟੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਮਹਿਲਾ ਉਦਯਮਿਤਾ ਸੈੱਲ ਵਲੋਂ ਨੀਤੀ ਆਯੋਗ ਦੇ ਸਹਿਯੋਗ ਨਾਲ 'ਮਹਿਲਾ ਉਦਯਮਿਤਾ ਵਿਚਾਰ ਤੋਂ ਕਾਰਜ ਤੱਕ' ਵਿਸ਼ੇ 'ਤੇ ਇੱਕ ਪ੍ਰੇਰਣਾਦਾਇਕ ਅਤੇ ਗਿਆਨ ਵਰਧਕ ਵੈਬੀਨਾਰ ਸਫਲਤਾ ਪੂਰਵਕ ਕਰਵਾਇਆ ਗਿਆ | ਇਸ ਮੌਕੇ ਕਰਵਾਏ ਪ੍ਰੋਗਰਾਮ 'ਚ ਯੂਨੀਵਰਸਿਟੀ ਦੀਆਂ 200 ਤੋਂ ਵੱਧ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਵੈਬੀਨਾਰ ਦਾ ਆਰੰਭ ਅੰਨਾ ਰਾਏ, ਪ੍ਰਧਾਨ ਆਰਥਿਕ ਸਲਾਹਕਾਰ, ਨੀਤੀ ਆਯੋਗ ਅਤੇ ਦਿੱਲੀ ਸਕੂਲ ਆਫ਼ ਇਕਨਾਮਿਕਸ ਦੇ ਪ੍ਰਭਾਵਸ਼ਾਲੀ ਉਦਘਾਟਨੀ ਸੰਬੋਧਨ ਨਾਲ ਹੋਇਆ | ਉਨ੍ਹਾਂ ਨੇ ਮਹਿਲਾ ਉਦਯਮਿਤਾ ਦੇ ਵਧ ਰਹੇ ਮਹੱਤਵ 'ਤੇ ਰੌਸ਼ਨੀ ਪਾਈ ਤੇ ਵਿਦਿਆਰਥਣਾਂ ਨੂੰ ਨਵੇਂ ਵਿਚਾਰਾਂ ਨਾਲ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਸਿੱਧ ਉਦਯੋਗਪਤੀ ਰੁਚਿਤਾ ਬੰਸਲ (ਸੰਸਥਾਪਕ, ਇਜ਼ਹਾਰ) ਨੇ ਆਪਣੀ ਸੰਘਰਸ਼ਮਈ ਤੇ ਪ੍ਰੇਰਣਾਦਾਇਕ ਯਾਤਰਾ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਹੌਸਲਾ, ਮਿਹਨਤ ਅਤੇ ਹਿੰਮਤ ਨਾਲ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ | ਇਸੇ ਤਰ੍ਹਾਂ ਮੀਤਾ ਗੁਟਗੁਟੀਆ (ਸੰਸਥਾਪਕ ਵੂਮੈਨ ਲਿਸਟਡ) ਨੇ ਮਹਿਲਾਵਾਂ ਲਈ ਕਾਰੋਬਾਰੀ ਮੌਕਿਆਂ ਤੇ ਮੰਚਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜੋ ਵਿਦਿਆਰਥਣਾਂ ਲਈ ਇੱਕ ਮਾਰਗ ਦਰਸ਼ਕ ਸਾਬਤ ਹੋਈ | ਇਟਰਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨੀਲਮ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਦਯਮਿਤਾ ਹੁਣ ਚੋਣ ਨਹੀਂ, ਸਗੋਂ ਲੋੜ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਰਵਾਇਤੀ ਕੈਰੀਅਰ ਤੋਂ ਇਲਾਵਾ ਨਵੇਂ ਵਿਚਾਰਾਂ 'ਤੇ ਕੰਮ ਕਰਨ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਂਦੇ ਜਾਣ ਲਈ ਉਤਸ਼ਾਹਿਤ ਕੀਤਾ | ਯੂਨੀਵਰਸਿਟੀ ਦੇ ਪ੍ਰਬੰਧਨ ਅਨੁਸਾਰ ਸੱਚਖੰਡ ਵਾਸੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਸੰਸਥਾ ਮਹਿਲਾ ਸਸ਼ਕਤੀਕਰਨ, ਗੁਣਵੱਤਾ ਸਿੱਖਿਆ ਅਤੇ ਨੇਤਿ੍ਤਵ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਹ ਵੈਬੀਨਾਰ ਇਸ ਦਿਸ਼ਾ 'ਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ ਹੈ | ਇਹ ਵੈਬੀਨਾਰ ਮਹਿਲਾ ਉਦਯਮਿਤਾ ਨੂੰ ਉਤਸ਼ਾਹਿਤ ਕਰਨ ਤੇ ਨਵੀਂ ਪੀੜ੍ਹੀ ਨੂੰ ਆਤਮ ਨਿਰਭਰ ਬਣਾਉਣ ਵੱਲ ਇੱਕ ਪ੍ਰੇਰਕ ਉਪਰਾਲਾ ਸਾਬਤ ਹੋਇਆ |
ਇਟਰਨਲ 'ਵਰਸਿਟੀ ਬੜੂ ਸਾਹਿਬ ਵਿਖੇ 'ਮਹਿਲਾ ਉਦਯਮਿਤਾ ਵਿਚਾਰ ਤੋਂ ਕਾਰਜ ਤੱਕ' ਵਿਸ਼ੇ 'ਤੇ ਵੈਬੀਨਾਰ <br/>
ਅਜੀਤ ਡੈਸਕ
27-04-2026