ਚੰਡੀਗੜ੍ਹ, 27 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਤੇ ਹਰਿਆਣਾ ਸਮੇਤ ਚੰਡੀਗੜ੍ਹ ਵਿਚ ਸੂਰਜ ਦੀ ਵਰ੍ਹਦੀ ਅੱਗ ਤੋਂ ਰਾਹਤ ਮਿਲ ਸਕਦੀ | ਮੌਸਮ ਵਿਚ ਤਬਦੀਲੀ ਹੋਣ ਦੇ ਮੱਦੇਨਜ਼ਰ ਦੋ ਦਿਨਾਂ ਲਈ ਆਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਕਰਕੇ ਬੱਦਲਵਾਈ ਹੋਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ | ਅੱਜ ਸ਼ਾਮ ਸਮੇਂ ਰਾਜਧਾਨੀ ਚੰਡੀਗੜ੍ਹ ਅਤੇ ਮੋਹਾਲੀ ਵਿਚ ਹਲਕੀ ਤੇ ਟੁੱਟਵੀਂ ਬੱਦਲਵਾਈ ਛਾ ਗਈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ 28 ਅਤੇ 29 ਅਪ੍ਰੈਲ ਨੂੰ ਪੰਜਾਬ ਵਿਚ ਕੁੱਝ ਥਾਵਾਂ 'ਤੇ ਬੱਦਲ ਛਾ ਸਕਦੇ ਹਨ ਅਤੇ 50 ਤੋਂ 60 ਕਿਲੋਮੀਟਰ ਪਰ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ | ਜਦੋਂਕਿ 30 ਅਪ੍ਰੈਲ ਨੂੰ ਵੱਖ-ਵੱਖ ਥਾਵਾਂ 'ਤੇ ਬੱਦਲਵਾਈ ਰਹਿਣ ਦੇ ਨਾਲ ਨਾਲ 40 ਕਿਲੋਮੀਟਰ ਗਤੀ ਦੀਆਂ ਹਵਾਵਾਂ ਚੱਲਣਗੀਆਂ | ਜਿਸ ਕਾਰਨ ਦਿਨ ਦੇ ਤਾਪਮਾਨ ਵਿਚ ਕਮੀ ਹੋਵੇਗੀ ਅਤੇ ਮੌਸਮ 'ਚ ਠੰਢਕ ਹੋਵੇਗੀ | ਪੰਜਾਬ ਵਿਚ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਚ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 40.2 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 20.8 ਡਿਗਰੀ ਸੈਲਸੀਅਸ ਰਿਹਾ |