ਚੰਡੀਗੜ੍ਹ, 28 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਮੁੱਦੇ 'ਤੇ ਬਿਆਨ ਦੇ ਰਹੇ ਹਨ, ਪਰ ਰਾਘਵ ਚੱਢਾ ਤੇ ਹੋਰ ਨੇਤਾਵਾਂ ਵਲੋਂ ਆਮ ਆਦਮੀ ਪਾਰਟੀ ਨੂੰ ਸਿਧਾਂਤਾਂ ਨਾਲ ਸਮਝੌਤਾ ਕਰਨ ਵਾਲੀ ਅਤੇ ਭਿ੍ਸ਼ਟ ਦੱਸੇ ਜਾਣ 'ਤੇ ਉਨ੍ਹਾਂ ਨੇ ਚੁੱਪੀ ਸਾਧ ਰੱਖੀ ਹੈ | ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜੋ ਅੱਜ ਸੁਆਬ ਸਕੱਤਰ ਸੰਜੀਵ ਖੰਨਾ, ਕਨਵਰਵੀਰ ਸਿੰਘ ਟੋਹਰਾ ਤੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਨਾਲ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ | ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਸੰਸਦਾਂ ਨੂੰ 'ਗੱਦਾਰ' ਕਹਿਣ 'ਤੇ ਵੀ ਪਲਟਵਾਰ ਕੀਤਾ | ਸ਼ਰਮਾ ਨੇ ਅੱਗੇ ਕਿਹਾ ਕਿ ਜੇਕਰ ਪਾਰਟੀ ਬਦਲਣਾ 'ਗੱਦਾਰੀ' ਹੈ, ਤਾਂ ਪਾਰਟੀਆਂ ਬਦਲਣ ਵਾਲੇ ਭਗਵੰਤ ਮਾਨ ਖੁਦ ਗੱਦਾਰ ਹਨ, ਕਿਉਂਕਿ ਉਨ੍ਹਾਂ ਦੇ ਕਈ ਕੈਬਨਿਟ ਮੰਤਰੀ ਵੀ ਹੋਰਾਂ ਪਾਰਟੀਆਂ ਤੋਂ ਆਏ ਹਨ | ਅੰਤ ਵਿਚ, ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੀ ਜਨਤਾ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ |
ਜੇ ਦਲ ਬਦਲਣਾ ਗੱਦਾਰੀ ਹੈ ਤਾਂ ਭਗਵੰਤ ਮਾਨ ਤੇ ਉਨ੍ਹਾਂ ਦੇ ਕਈ ਕੈਬਨਿਟ ਮੰਤਰੀ ਵੀ ਗੱਦਾਰ-ਅਸ਼ਵਨੀ ਸ਼ਰਮਾ <br/>
ਅਜੀਤ ਡੈਸਕ
29-04-2026