ਚੰਡੀਗੜ੍ਹ, 4 ਮਈ (ਅਜੀਤ ਬਿਊਰੋ) ਸੂਬੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਅੱਜ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਿਆ | ਮੋਰਚੇ ਦੇ ਆਗੂਆਂ ਨੇ ਕੁਦਰਤੀ ਆਫ਼ਤਾਂ ਕਾਰਨ ਪੈਦਾ ਹੋਈ ਆਰਥਿਕ ਮਾਰ ਤੇ ਹੋਰ ਮੁੱਦਿਆਂ 'ਤੇ ਤੁਰੰਤ ਕਾਰਵਾਈ ਦੀ ਲੋੜ ਉੱਪਰ ਜ਼ੋਰ ਦਿੱਤਾ | ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਹਾਲ ਹੀ ਵਿਚ ਆਈਆਂ ਕੁਦਰਤੀ ਆਫ਼ਤਾਂ, ਹੜ੍ਹਾਂ, ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨ ਵਰਗ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਇਸ ਮੌਕੇ ਉਨ੍ਹਾਂ ਨੇ ਰਾਜਪਾਲ ਨਾਲ ਵਿਸਥਾਰਪੂਰਵਕ ਗੱਲਬਾਤ ਕਰਦਿਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁੱਖ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਹਨ | ਮੰਗ ਪੱਤਰ 'ਚ ਹੜ੍ਹ ਪੀੜਤਾਂ ਨੂੰ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕਰਨ, ਨੁਕਸਾਨੀਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਦੇਣ ਤੇ ਖਸ-ਖਸ (ਪੋਪੀ) ਦੀ ਖੇਤੀ ਕਾਨੂੰਨੀ ਤੌਰ 'ਤੇ ਸ਼ੁਰੂ ਕਰਨ ਦੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਮੱਕੀ, ਆਲੂ, ਮਟਰ, ਮੂੰਗੀ ਤੇ ਕਪਾਹ ਸਮੇਤ ਹੋਰ ਫ਼ਸਲਾਂ 'ਤੇ ਐਮ.ਐਸ.ਪੀ ਗਾਰੰਟੀ ਕਾਨੂੰਨ ਬਣਾਉਣ ਦੀ ਵੀ ਮੰਗ ਰੱਖੀ ਗਈ | ਮੋਰਚੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੀ.ਬੀ.ਐਮ.ਬੀ. ਵਿਚ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਨ ਤੇ ਸਤਲੁਜ ਸਮੇਤ ਹੋਰ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫ਼ੈਕਟਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਉਠਾਈ | ਇਸ ਦੇ ਨਾਲ ਹੀ ਪਰਾਲੀ ਸਬੰਧੀ ਦਰਜ ਮਾਮਲੇ ਰੱਦ ਕਰਨ ਅਤੇ ਅਬਾਦਕਾਰ ਕਿਸਾਨਾਂ ਦੀਆਂ ਕੱਚੀਆਂ ਪੈਲੀਆਂ ਪੱਕੀਆਂ ਕਰਨ ਦੀ ਗੱਲ ਵੀ ਕੀਤੀ ਗਈ | ਇਸ ਦੇ ਨਾਲ ਹੀ 60 ਸਾਲ ਦੀ ਉਮਰ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਲਈ 10 ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ | ਇਸ ਤੋਂ ਇਲਾਵਾ ਕੇਂਦਰ ਦੀਆਂ ਯੋਜਨਾਵਾਂ ਵਿਚ ਵਾਧਾ ਕਰਨ, ਰਹਿੰਦੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਅਤੇ ਮੱਲਾਂ ਵਾਲੇ ਤੋਂ ਘਰਿਆਲਾ ਤੱਕ ਬਣ ਰਹੀ ਨਵੀਂ ਰੇਲਵੇ ਲਾਈਨ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਮੁਆਵਜ਼ਾ ਘੱਟੋ-ਘੱਟ ਸਵਾ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣ ਦੀ ਮੰਗ ਵੀ ਸ਼ਾਮਲ ਸੀ | ਵਫ਼ਦ 'ਚ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਪੰਜਾਬ, ਸਤਨਾਮ ਸਿੰਘ ਹਰੀਕੇ ਸੂਬਾ ਪ੍ਰਧਾਨ ਭਾਰਤੀ ਕਿਸਾਨ-ਮਜਦੂਰ ਯੂਨੀਅਨ ਮਝੈਲ, ਜਸਬੀਰ ਸਿੰਘ ਆਹਲੂਵਾਲੀਆ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਤਰਨਜੀਤ ਸਿੰਘ ਨਿਮਾਣਾ ਅੰਨਦਾਤਾ ਕਿਸਾਨ-ਮਜਦੂਰ ਯੂਨੀਅਨ ਪੰਜਾਬ, ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਿਸਾਨ ਯੂਨੀਅਨ ਬਾਗੀ, ਨਛੱਤਰ ਸਿੰਘ ਸ਼ੇਰੇ ਪੰਜਾਬ ਕਿਸਾਨ-ਮਜਦੂਰ ਮੋਰਚਾ ਪੰਜਾਬ, ਸਾਰਜ ਸਿੰਘ ਭਾਰਤੀ ਕਿਸਾਨ ਯੂਨੀਅਨ ਬੰਬ, ਭੁਪਿੰਦਰ ਸਿੰਘ ਕੋਟ ਦੁੱਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਰਣਜੀਤ ਸਿੰਘ ਚੱਕ ਤਾਰੇਵਾਲਾ ਬੀਕੇਯੂ ਤੋਤੇਵਾਲ, ਸੇਵਾ ਸਿੰਘ ਚੰਡੀਗੜ੍ਹ ਜ਼ਿਲ੍ਹਾ ਪ੍ਰਧਾਨ ਮੁਹਾਲੀ ਸ਼ਾਮਿਲ ਸਨ |
ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਰਾਜਪਾਲ ਕੋਲ ਪੁੱਜਾ ਕਿਸਾਨਾਂ ਦਾ ਵਫ਼ਦ
ਅਜੀਤ ਡੈਸਕ
05-05-2026