ਹਰਿੰਦਰ ਸਿੰਘ
ਤਰਨ ਤਾਰਨ, 12 ਮਈ-ਬੀਤੇ ਦਿਨੀਂ ਤਰਨ ਤਾਰਨ ਵਿਖੇ ਭਾਜਪਾ ਦੇ ਮੁੱਖ ਦਫ਼ਤਰ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਦੇ ਸੰਬੰਧ ਵਿਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ 'ਤੇ ਤਰਨ ਤਾਰਨ ਪਹੁੰਚੇ | ਜਿਥੇ ਉਨ੍ਹਾਂ ਨੇ ਦਫ਼ਤਰ ਦਾ ਮੁਆਇਨਾ ਕੀਤਾ, ਉਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰਨਾਂ ਆਗੂਆਂ ਕੋਲੋਂ ਹਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਦੇ ਨਾਲ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ੍ਹ ਕੇ ਰੋਸ ਪ੍ਰਗਟ ਕੀਤਾ | ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਹੋਏ ਹਨ | ਭਾਰਤੀ ਜਨਤਾ ਪਾਰਟੀ ਦੇ ਦਫ਼ਤਰ 'ਤੇ ਦਿਨ ਦਿਹਾੜੇ ਕੀਤਾ ਗਿਆ ਇਹ ਹਮਲਾ ਸਿਰਫ਼ ਇਕ ਰਾਜਨੀਤਿਕ ਪਾਰਟੀ 'ਤੇ ਹਮਲਾ ਨਹੀਂ, ਸਗੋਂ ਲੋਕਤੰਤਰ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਨੇ ਸਿੱਧੇ ਤੌਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਹਮਲਾ ਪੁਲਿਸ ਦੀ ਸਰਪ੍ਰਸਤੀ ਹੇਠ ਹੋਇਆ ਹੈ, ਕਿਉਂਕਿ ਪੰਜਾਬ ਵਿਚ ਭਾਜਪਾ ਦਾ ਅਧਾਰ ਬਹੁਤ ਵਧ ਚੁੱਕਾ ਹੈ, ਜੋ ਕਿ ਮੌਜੂਦਾ ਸਰਕਾਰ ਨੂੰ ਰਾਸ ਨਹੀਂ ਆ ਰਿਹਾ | ਪੰਜਾਬ ਵਿਚ ਅਕਾਲੀ ਦਲ, ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੇ ਦਫ਼ਤਰ ਵੀ ਹਨ, ਪਰ ਭਾਜਪਾ ਦੇ ਦਫ਼ਤਰਾਂ ਨੂੰ ਹੀ ਨਿਸ਼ਾਨਾ ਬਣਾਉਣਾ ਇਹ ਸਾਬਿਤ ਕਰਦਾ ਹੈ ਕਿ ਸੂਬਾ ਸਰਕਾਰ ਭਾਜਪਾ ਤੋਂ ਡਰ ਰਹੀ ਹੈ | ਬਿੱਟੂ ਨੇ ਕਿਹਾ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਭਾਜਪਾ ਆਗੂ ਸਨ, ਜੋ ਕਿ ਚੰਗੀ ਕਿਸਮਤ ਨਾਲ ਕੁਝ ਮਿੰਟ ਪਹਿਲਾਂ ਹੀ ਦਫ਼ਤਰ ਤੋਂ ਬਾਹਰ ਨਿਕਲੇ ਸਨ, ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਇਕ ਪਰਿਵਾਰ ਵਾਂਗ ਇਕੱਠਾ ਖੜ੍ਹਾ ਹੈ ਤੇ ਅਜਿਹੀਆਂ ਘਟਨਾਵਾਂ ਨਾਲ ਉਹ ਡਰਨ ਵਾਲੇ ਨਹੀਂ | ਇਸ ਮੌਕੇ 'ਤੇ ਸਹਿ ਇੰਚਾਰਜ ਨਰੇਸ਼ ਸ਼ਰਮਾ, ਹਰਪ੍ਰੀਤ ਸਿੰਘ ਸਿੰਦਬਾਦ, ਸ਼ਿਵ ਕੁਮਾਰ ਸੋਨੀ, ਸੁਰਜੀਤ ਸਿੰਘ ਸਾਗਰ, ਸਤਨਾਮ ਸਿੰਘ ਭੁੱਲਰ, ਰਮਨਦੀਪ ਸਿੰਘ ਭਰੋਵਾਲ, ਰਿਤੇਸ਼ ਚੋਪੜਾ, ਬਲਵਿੰਦਰ ਸਿੰਘ, ਡਾ. ਅਵਤਾਰ ਸਿੰਘ, ਦਿਨੇਸ਼ ਜੋਸ਼ੀ, ਅਵਤਾਰ ਸਿੰਘ ਬੰਟੀ, ਨਿਸ਼ਾਨ ਸਿੰਘ, ਦਲਬੀਰ ਸਿੰਘ ਅਲਗੋਂ ਕੋਠੀ, ਹਰਮਨਦੀਪ ਸਿੰਘ ਕੱਲਾ, ਸਵਿੰਦਰ ਸਿੰਘ ਪੰਨੂੰ ਆਦਿ ਹਾਜ਼ਰ ਸਨ |
ਪੰਜਾਬ ਦੀ ਸੱਤਾ 'ਤੇ ਝੂਠ ਬੋਲ ਕੇ ਆਈ 'ਆਪ' ਸਰਕਾਰ ਲੋਕਾਂ ਨੂੰ ਡਰਾਉਣ-ਧਮਕਾਉਣ ਦੀ ਰਾਜਨੀਤੀ ਕਰ ਰਹੀ-ਰਵਨੀਤ ਸਿੰਘ ਬਿੱਟੂ
ਅਜੀਤ ਡੈਸਕ
13-05-2026