ਮਿਉਂਸਪਲ ਚੋਣਾਂ ਲਈ ਹੁਣ ਤੱਕ 2756 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ <br/>
ਅਜੀਤ ਡੈਸਕ
16-05-2026
ਰਾਮਾਂ ਪੁਲਿਸ ਵਲੋਂ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ
ਰਾਮਾਂ ਮੰਡੀ (ਬਠਿੰਡਾ) (ਤਰਸੇਮ ਸਿੰਗਲਾ)-ਅੱਜ ਰਾਮਾਂ ਮੰਡੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਤਣਾਅ-ਪੂਰਨ ਹੋ ਗਿਆ, ਜਦੋਂ ਪੁਲਿਸ ਨੇ ਭਾਜਪਾ ਉਮੀਦਵਾਰਾਂ ਨੂੰ ਨਗਰ ਕੌਂਸਲ ਦਫ਼ਤਰ ਤੋਂ 100 ਮੀਟਰ ਦੂਰ ਜ਼ਬਰਦਸਤੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕ ਦਿੱਤਾ ਅਤੇ ਅੱਗੇ ਨਹੀਂ ਜਾਣ ਦਿੱਤਾ, ਜਿਸ ਦੇ ਰੋਸ ਵਜੋਂ ਭਾਜਪਾ ਵਰਕਰਾਂ ਨੇ ਪੰਜਾਬ ਪੁਲਿਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਭਾਜਪਾ ਆਗੂ ਪਰਮਪਾਲ ਕੌਰ ਮਲੂਕਾ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਸ਼ਰ੍ਹੇਆਮ ਕਤਲ ਹੈ | ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸਰਕਾਰ ਨੂੰ ਆਪਣੀ ਹਾਰ ਸਾਫ਼ ਦਿਖਾਈ ਦਿੰਦੀ ਹੈ ਅਤੇ ਜਨਤਾ ਗੁੱਸੇ ਵਿਚ ਆ ਜਾਂਦੀ ਹੈ, ਤਾਂ ਉਹ ਵਿਰੋਧੀ ਧਿਰ ਨੂੰ ਦਬਾਉਣ ਲਈ ਅਜਿਹੇ ਗੈਰ-ਲੋਕਤੰਤਰੀ ਹੱਥਕੰਡੇ ਅਪਣਾਉਂਦੀ ਹੈ |
ਕੋਟਕਪੂਰਾ 'ਚ 'ਆਪ' ਅਤੇ ਕਾਂਗਰਸੀ ਵਰਕਰਾਂ ਵਿਚਕਾਰ ਤਕਰਾਰ
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਤਕਰਾਰ ਪੈਦਾ ਹੋ ਗਿਆ, ਜਿਸ ਕਾਰਨ ਮਾਹੌਲ ਤਣਾਅ ਪੂਰਨ ਬਣ ਗਿਆ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਜੋਗੇਸ਼ਵਰ ਸਿੰਘ ਗੁਰਾਇਆ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ | ਦੱਸਿਆ ਜਾ ਰਿਹਾ ਹੈ ਕਿ ਮਾਮਲਾ ਇਕ ਕਾਂਗਰਸ ਦੀ ਇਸਤਰੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਖੋਹ ਕੇ ਲਿਜਾਣ ਤੋਂ ਬਾਅਦ ਮਾਮਲਾ ਭਖ਼ ਗਿਆ |