ਪਟਿਆਲਾ, 20 ਮਈ (ਧਰਮਿੰਦਰ ਸਿੰਘ ਸਿੱਧੂ)-ਜਨਗਣਨਾ ਲਈ ਵੱਡੀ ਗਿਣਤੀ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ | ਅਧਿਆਪਕਾਂ ਦੀਆਂ ਇਹ ਡਿਊਟੀਆਂ ਜਿੱਥੇ ਜਨਗਣਨਾ ਦੀ ਸਿਖਲਾਈ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਭਾਰੀ ਪੈ ਰਹੀਆਂ ਸਨ ਉੱਥੇ ਹੀ ਹੁਣ ਅਧਿਆਪਕਾਂ ਦੀਆਂ ਜੇਬਾਂ ਵੀ ਹੌਲ਼ੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ | ਜਨਗਣਨਾ ਦਾ ਕੰਮ ਕਰਨ ਲਈ ਅਧਿਆਪਕਾਂ ਨੂੰ ਸਿਖਲਾਈ ਦੌਰਾਨ ਉਹ ਐਂਡਰਾਇਡ ਮੋਬਾਇਲ ਫੋਨ ਵਰਤਣ ਨੂੰ ਕਿਹਾ ਜਿਸ ਵਿਚ ਘੱਟੋ ਘੱਟ ਐਂਡਰਾਇਡ 12.0 ਜਾਂ ਇਸ ਤੋਂ ਐਡਵਾਂਸਡ ਵਰਜਨ ਹੋਵੇ ਕਿਉਂਕਿ ਜਨਗਣਨਾ ਦੀ ਐਪ ਨੂੰ ਇਸ ਤੋਂ ਘੱਟ ਸਮਰਥਾ ਵਾਲਾ ਫੋਨ ਸਪੋਰਟ ਹੀ ਨਹੀਂ ਕਰਦਾ | ਇਨ੍ਹਾਂ ਵਿਚੋਂ ਬੇਸ਼ੱਕ ਵਧੀਆ ਤਨਖ਼ਾਹਾਂ ਵਾਲੇ ਬਹੁਤੇ ਪੱਕੇ ਅਧਿਆਪਕਾਂ ਕੋਲ ਵਧੀਆ ਫੋਨ ਅਤੇ ਸਾਫ਼ਟਵੇਅਰ ਵਜੋਂ ਉੱਚ ਤਕਨੀਕ ਨਾਲ ਲੈਸ ਮੋਬਾਇਲ ਹਨ ਪ੍ਰੰਤੂ ਜਿਹੜੇ ਅਧਿਆਪਕ ਨਾਮ ਦੇ ਪੱਕੇ ਹਨ ਤੇ ਉਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਹੀ 18 ਤੋਂ 22 ਹਜਾਰ ਵਿਚਕਾਰ ਹਨ ਉਹ ਵਿੱਤੀ ਬੋਝ ਦਾ ਸ਼ਿਕਾਰ ਹੋ ਰਹੇ ਹਨ | ਇਸ ਦੀ ਸਭ ਤੋਂ ਵੱਡੀ ਮਾਰ ਐਸਟੀਆਰ, ਈਜੀਐਸ, ਏਆਈਈ, ਸਿੱਖਿਆ ਵਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ 'ਤੇ ਪੈ ਰਹੀ ਹੈ ਜਿਨ੍ਹਾਂ ਨੂੰ ਬੇਸ਼ੱਕ ਸਰਕਾਰ ਵਲੋਂ ਤਾਬੜ ਤੋੜ ਇਸ਼ਤਿਹਾਰਬਾਜ਼ੀ ਕਰਕੇ ਪੱਕੇ ਕਰਨ ਦੇ ਨਾਮ ਹੇਠ ਐਸੋਸੀਏਟ ਟੀਚਰਜ਼ ਦਾ ਨਾਮ ਤਾਂ ਦੇ ਦਿੱਤਾ ਪ੍ਰੰਤੂ ਹਕੀਕਤ ਇਹ ਹੈ ਕਿ ਇਹ ਕਥਿਤ ਪੱਕੇ ਐਸੋਸੀਏਟ ਟੀਚਰ ਨਿਗੁਣੀਆਂ ਤਨਖ਼ਾਹਾਂ 'ਤੇ ਸਿੱਖਿਆ ਵਿਭਾਗ ਅਤੇ ਸਰਕਾਰ ਦੇ ਹਰ ਹੁਕਮ ਮੰਨਣ ਨੂੰ ਮਜਬੂਰ ਹਨ | ਦੱਸਣਯੋਗ ਹੈ ਕਿ ਉਕਤ ਉਹ ਅਧਿਆਪਕ ਹਨ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਪਿਛਲੇ 15-15 ਸਾਲਾਂ ਤੋਂ ਪੱਕੇ ਨਹੀਂ ਕੀਤਾ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ੱਕ ਪੱਕਾ ਕਰ ਦਿੱਤਾ ਪ੍ਰੰਤੂ ਤਨਖਾਹ ਕੱਚਿਆਂ ਵਰਗੀ ਹੀ ਰਹੀ¢