ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਅਤੇ ਗਲੋਬਲ ਚੇਅਰਮੈਨ ਪਰਮੀਤ ਸਿੰਘ ਚੱਢਾ ਦੀ ਅਗਵਾਈ 'ਚ ਗੁਆਂਢੀ ਮੁਲਕਾਂ ਪਾਕਿਸਤਾਨ, ਅਫ਼ਗਾਨਿਸਤਾਨ ਆਦਿ ਨਾਲ ਅਟਾਰੀ-ਵਾਹਗਾ ਸਰਹੱਦ ਰਾਹੀਂ ਬੰਦ ਪਿਆ ਵਪਾਰ ਮੁੜ ਸ਼ੁਰੂ ਕਰਨ ਲਈ ਪ੍ਰਮੁੱਖ ਉਦਯੋਗਪਤੀਆਂ, ਕਾਰੋਬਾਰੀਆਂ, ਵਪਾਰੀਆਂ, ਡਾਕਟਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਆਦਿ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ | ਉਕਤ ਦੋਵਾਂ ਆਗੂਆਂ ਦੀ ਅਗਵਾਈ ਹੇਠ ਚੌਂਕ ਘੰਟਾ ਘਰ ਤੋਂ ਵਿਰਾਸਤੀ ਮਾਰਗ ਸਥਿਤ ਮਹਾਰਾਜਾ ਰਣਜੀਤ ਸਿੰਘ ਚੌਂਕ ਤਕ ਇਕ ਅਨੁਸ਼ਾਸਿਤ ਮਾਰਚ ਵੀ ਕੀਤਾ ਗਿਆ | ਮਰਵਾਹਾ ਨੇ ਐਲਾਨ ਕੀਤਾ ਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਮੁੜ ਤੋਂ ਸ਼ੁਰੂ ਹੋਣ ਤੱਕ ਸੂਬੇ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਕੌਮਾਂਤਰੀ ਸਰਹੱਦ ਵਿਖੇ ਅਰਦਾਸਾਂ ਦਾ ਇਹ ਸਿਲਸਿਲਾ ਜਾਰੀ ਰਹੇਗਾ | ਇਸ ਸੰਬੰਧੀ ਕਰਵਾਈ ਗਈ ਇਕੱਤਰਤਾ 'ਚ ਸ਼ਾਮਿਲ ਕਾਰੋਬਾਰੀਆਂ, ਕੁਲੀ ਯੂਨੀਅਨ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਰਤ ਸਰਕਾਰ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਤੇ ਵਿਸ਼ੇਸ਼ ਕਰਕੇ ਅੰਮਿ੍ਤਸਰ ਦੇ ਵਪਾਰੀਆਂ, ਉਦਯੋਗਪਤੀਆਂ ਅਤੇ ਕਿਸਾਨਾਂ ਦੇ ਹਿਤਾਂ ਦੀ ਸੁਰੱਖਿਆ ਲਈ ਗਵਾਂਢੀ ਮੁਲਕਾਂ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਨਾਲ ਅਟਾਰੀ-ਵਾਹਗਾ ਸਰਹੱਦ ਰਾਹੀਂ ਪਿਛਲੇ ਸੱਤ ਸਾਲਾਂ ਤੋਂ ਬੰਦ ਵਪਾਰ ਕਾਰੋਬਾਰ ਮੁੜ ਸ਼ੁਰੂ ਕੀਤਾ ਜਾਵੇ | ਰਜਿੰਦਰ ਸਿੰਘ ਮਰਵਾਹਾ ਅਤੇ ਪਰਮੀਤ ਸਿੰਘ ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਪਾਕਿ ਆਦਿ ਮੁਲਕਾਂ ਨਾਲ ਮੁੰਬਈ ਅਤੇ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਦੁਬਈ ਰਾਹੀਂ ਭਾਰਤ ਦਾ ਵਪਾਰ ਹੋ ਸਕਦਾ ਹੈ ਤਾਂ ਅੰਮਿ੍ਤਸਰ ਦੇ ਕਾਰੋਬਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ | ਬੈਠਕ 'ਚ ਸ਼ਾਮਿਲ ਕੁੱਲੀ ਐਸੋਸੀਏਸ਼ਨ ਅਟਾਰੀ ਬਾਰਡਰ ਦੇ ਪ੍ਰਧਾਨ ਬਲਵਿੰਦਰ ਸਿੰਘ ਬੂਟਾ ਨੇ ਕਿਹਾ ਕਿ ਸਰਹੱਦੀ ਵਪਾਰ ਬੰਦ ਹੋਣ ਨਾਲ 2866 ਕੁੱਲੀ, 540 ਟਰੱਕ ਡਰਾਈਵਰਾਂ ਅਤੇ ਵੱਡੀ ਗਿਣਤੀ 'ਚ ਹੋਟਲ, ਰੈਸਟੋਰੈਂਟ ਅਤੇ ਢਾਬੇ ਵਾਲਿਆਂ ਦਾ ਕਾਰੋਬਾਰ ਬੰਦ ਹੋ ਗਿਆ ਹੈ | ਇਸ ਮੌਕੇ ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮਿ੍ਤਸਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ, ਤਜਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਬਲਦੇਵ ਸਿੰਘ ਰੰਧਾਵਾ, ਡਾ: ਅਮਰਜੀਤ ਸਿੰਘ ਸਚਦੇਵਾ, ਸੀ. ਏ. ਅਮਰਜੀਤ ਸਿੰਘ ਨਾਰੰਗ, ਐਡਵੋਕੇਟ ਐੱਸ. ਐੱਸ. ਤੇਗ਼, ਪੀ. ਐੱਸ. ਤੇਗ, ਰੀਅਲ ਅਸਟੇਟ ਕਾਰੋਬਾਰੀ ਅਮਨਦੀਪ ਸਿੰਘ, ਆਰਕੀਟੈਕਟ ਜੱਜਬੀਰ ਸਿੰਘ, ਸ਼ੁੱਭ ਦੁੱਗਲ, ਅਰੁਣਦੀਪ ਸਿੰਘ, ਲਵਪ੍ਰੀਤ ਸਿੰਘ ਚੀਮਾ, ਰੁਪਿੰਦਰ ਸਿੰਘ ਕਟਾਰੀਆ ਆਦਿ ਹਾਜ਼ਰ ਹੋਏ |