ਅੰਮਿ੍ਤਸਰ, 21 ਮਈ (ਹਰਮਿੰਦਰ ਸਿੰਘ)-ਸਥਾਨਕ ਅੰਨਗੜ੍ਹ ਇਲਾਕੇ ਵਿਚ ਇਕ ਤਿੰਨ ਮੰਜ਼ਿਲੀ ਘਰ 'ਚ ਅਣ ਅਧਿਕਾਰਤ ਤੌਰ 'ਤੇ ਚੱਲ ਰਹੀ ਇਕ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਇਕ ਹੋਰ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ | ਦੱਸਿਆ ਜਾਂਦਾ ਹੈ ਉਕਤ ਘਰ ਦਾ ਮਾਲਕ ਅਸ਼ੋਕ ਕੁਮਾਰ ਜੋ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ | ਅੱਜ ਸਵੇਰੇ ਕਰੀਬ 11 ਵਜੇ ਅੰਨਗੜ੍ਹ ਇਲਾਕੇ ਵਿਚ ਉਕਤ ਘਰ 'ਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ | ਇਸ ਧਮਾਕੇ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ | ਘਰ ਦੀ ਉਪਰ ਵਾਲੀ ਮੰਜ਼ਿਲ 'ਚ ਇਕ ਕਮਰੇ 'ਚ ਹੋਏ ਧਮਾਕੇ ਕਾਰਨ ਕਮਰੇ ਦੀਆਂ ਕੰਧਾਂ ਹਿਲ ਗਈਆਂ | ਇਕ ਕੰਧ ਡਿੱਗ ਗਈ | ਇਸ ਤੋਂ ਇਲਾਵਾ ਹੇਠਲੀ ਮੰਜ਼ਿਲ ਦੀਆਂ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਘਰ 'ਚ ਅੱਗ ਲੱਗ ਗਈ | ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦਾ ਪਰਿਵਾਰ ਅਣ ਅਧਿਕਾਰਤ ਤੌਰ 'ਤੇ ਪਟਾਕੇ ਬਣਾਉਣ ਦਾ ਕੰਮ ਕਰਦੇ ਸਨ ਤੇ ਘਰ 'ਚ ਪੋਟਾਸ਼ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ | ਜਿਸ ਦੇ ਕਾਰਨ ਇਕ ਔਰਤ ਸੁਮਨਪ੍ਰੀਤ ਦੀ ਮੌਤ ਹੋ ਗਈ ਜਦੋਂ ਕਿ ਗੁਰਪ੍ਰੀਤ ਕੌਰ ਨਾਮਕ ਇਕ ਹੋਰ ਔਰਤ ਜਖ਼ਮੀ ਹੋ ਗਈ | ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ |
ਘਰ 'ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ <br/>
ਗ਼ੈਰ-ਕਾਨੂੰਨੀ ਪਟਾਕਾ ਫੈਕਟਰੀ ਵਿਚ ਹੋਏ ਜ਼ਬਰਦਸਤ ਧਮਾਕੇ ਦੌਰਾਨ ਨੁਕਸਾਨੀ ਗਈ ਇਮਾਰਤ | ਤਸਵੀਰ : ਨਿਰਮਲ ਸਟੂਡੀਓ<br/>
22-05-2026