ਸ੍ਰੀ ਕੀਰਤਪੁਰ ਸਾਹਿਬ/ਸ੍ਰੀ ਅਨੰਦਪੁਰ ਸਾਹਿਬ, 21 ਮਈ (ਬੀਰ ਅੰਮਿ੍ਤਪਾਲ ਸਿੰਘ ਸ਼ਨੀ, ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਕੋਟਲਾ ਪਾਵਰ ਹਾਊਸ ਦੇ 26 ਸਾਲ ਪਹਿਲਾ ਇੱਕ ਬੱਚੇ ਸਮੇਤ ਸਵਾਰ ਲਾਪਤਾ ਚਾਰ ਵਿਅਕਤੀਆਂ ਵਾਲੀ ਮਾਰੂਤੀ ਓਮਨੀ ਵੈਨ ਭਾਖੜਾ ਨਹਿਰ ਵਿਚੋਂ ਪ੍ਰਾਪਤ ਹੋ ਗਈ ਹੈ | ਇਸ ਵੈਨ ਵਿਚ ਇੱਕ ਅੱਠ ਸਾਲਾਂ ਬੱਚੇ ਸਮੇਤ ਤਿੰਨ ਵਿਅਕਤੀ ਸ਼ਾਮਿਲ ਸਨ | ਇਸ ਵੈਨ ਵਿਚੋਂ ਇੱਕ ਸਕੂਲ ਬੈਗ, ਸਮਾਨ ਅਤੇ ਹੱਡੀਆਂ ਵੀ ਬਰਾਮਦ ਹੋਈਆਂ ਹਨ ਤੇ ਪਰਿਵਾਰਕ ਮੈਂਬਰ ਹੁਣ ਇਨ੍ਹਾਂ ਮਿ੍ਤਕ ਵਿਅਕਤੀਆਂ ਵੈਨ ਦੇ ਡਰਾਈਵਰ ਤੇਜ ਰਾਮ, ਹਲਵਾਈ ਮੁਨੀ ਲਾਲ, ਸੁਰਜੀਤ ਸਿੰਘ ਅਤੇ ਉਸ ਦੇ ਅੱਠ ਸਾਲਾ ਪੁੱਤਰ ਕਾਲੂ ਦੀਆਂ ਅੰਤਿਮ ਰਸਮਾਂ ਕਰ ਰਹੇ ਹਨ | ਇਕੱਤਰ ਜਾਣਕਾਰੀ ਅਨੁਸਾਰ 17 ਅਕਤੂਬਰ 2000 ਨੂੰ ਥਾਣਾ ਕੀਰਤਪੁਰ ਸਾਹਿਬ ਨਾਲ ਸੰਬੰਧਿਤ ਪਿੰਡ ਕੋਟਲਾ ਦੇ ਤੇਜ਼ ਰਾਮ ਵਲੋਂ ਲਈ ਗਈ ਇੱਕ ਮਹੀਨਾ ਪੁਰਾਣੀ ਮਰੂਤੀ ਓਮਨੀ ਬੈਨ ਵਿਚ ਸਵਾਰ ਹੋ ਕੇ ਸ਼ਾਮ ਦੇ ਸਮੇਂ ਸ੍ਰੀ ਕੀਰਤਪੁਰ ਸਾਹਿਬ ਵੱਲ ਨੂੰ ਜਾ ਰਹੇ ਸੀ ਕਿ ਨੱਕਿਆਂ ਲਾਗੇ ਇਹ ਮਰੂਤੀ ਵੈਨ ਭਾਖੜਾ ਨਹਿਰ ਵਿਚ ਡਿਗ ਗਈ | ਦੂਜੇ ਦਿਨ ਸਵੇਰ ਵੇਲੇ ਜਦੋਂ ਵੈਨ ਸਵਾਰ ਕੋਈ ਵੀ ਮੁੜ ਪਿੰਡ ਨਾ ਪਰਤਿਆ ਤਾਂ ਇਨ੍ਹਾਂ ਦੀ ਭਾਲ ਸ਼ੁਰੂ ਹੋਈ | ਪਿੰਡ ਬਰੋਟਾ ਦੇ ਲੋਕਾਂ ਵਲੋਂ ਦੱਸਿਆ ਗਿਆ ਕਿ ਬੀਤੀ ਰਾਤ ਇੱਕ ਵੈਨ ਭਾਖੜਾ ਨਹਿਰ ਵਿਚ ਗਿਰ ਗਈ ਹੈ, ਜਿਨ੍ਹਾਂ ਦੀ ਭਾਲ ਲਈ ਲਗਭਗ ਦੋ ਮਹੀਨੇ ਯਤਨ ਜਾਰੀ ਰੱਖੇ ਪਰ ਕੁਝ ਵੀ ਪਤਾ ਨਾ ਲੱਗਾ | ਇਕ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਇਲਾਕੇ ਦੇ ਨਾਮੀ ਗੋਤਾਖੋਰ ਕਮਲਪ੍ਰੀਤ ਸੈਣੀ ਵਲੋਂ ਸਖ਼ਤ ਮਿਹਨਤ ਕੀਤੀ ਗਈ | ਜਿਸ ਵਲੋਂ ਕਈ ਘੰਟੇ ਅਪਰੇਸ਼ਨ ਚਲਾ ਕੇ ਵੈਨ ਨੂੰ ਬਾਹਰ ਕੱਢਿਆ ਗਿਆ | ਇਸ ਵੈਨ ਦੀ ਛੱਤ ਪੂਰੀ ਤਰਾ ਟੁੱਟੀ ਹੋਈ ਸੀ | ਇਸ ਤੋਂ ਬਿਨਾਂ ਕੁੱਝ ਜ਼ਰੂਰੀ ਕਾਗ਼ਜ਼ਾਤ, ਸਕੂਲ ਬੈਗ, ਵਰਦੀ ਅਤੇ ਹੱਡੀਆਂ ਵੀ ਬਰਾਮਦ ਹੋਈਆਂ ਹਨ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
26 ਸਾਲਾਂ ਬਾਅਦ ਭਾਖੜਾ ਨਹਿਰ ਵਿਚੋਂ ਮਿਲੀ ਮਾਰੂਤੀ ਵੈਨ <br/>
ਅਜੀਤ ਡੈਸਕ
22-05-2026