ਡੱਬਵਾਲੀ, 22 ਮਈ (ਇਕਬਾਲ ਸਿੰਘ ਸ਼ਾਂਤ)-ਭਾਰਤ-ਪਾਕਿ ਵੰਡ ਅਤੇ 'ਮਹਾਂ-ਪੰਜਾਬ' ਦੀ ਸਿਆਸਤ ਦੇ ਚਸ਼ਮਦੀਦ ਰਹੇ ਕਰੀਬ 105 ਸਾਲਾ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ ਦਾ ਅੱਜ ਪਿੰਡ ਸਕਤਾਖੇੜਾ 'ਚ ਦਿਹਾਂਤ ਹੋ ਗਿਆ | ਸ਼ਾਮ ਨੂੰ ਬਿਸ਼ਨੋਈ ਸਮਾਜ ਦੇ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਵਿਧਾਇਕ ਅਦਿੱਤਿਆ ਦੇਵੀਲਾਲ, ਸਾਬਕਾ ਵਿਧਾਇਕ ਅਮਿਤ ਸਿਹਾਗ ਤੇ ਜਜਪਾ ਆਗੂ ਸਰਬਜੀਤ ਸਿੰਘ ਮਸੀਤਾਂ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ | ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਲੋਂ ਤਹਿਸੀਲਦਾਰ ਸੁਨੀਲ ਕੁਮਾਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਹੀ ਰਾਮ ਨੇ 1957 'ਚ ਅਬੋਹਰ ਤੋਂ ਜਨਸੰਘ ਦੀ ਟਿਕਟ 'ਤੇ 5724 ਵੋਟਾਂ ਨਾਲ ਚੋਣ ਜਿੱਤੀ ਸੀ | ਉਹ ਬਿਸ਼ਨੋਈ ਸਮਾਜ ਦੇ ਪਹਿਲੇ ਵਿਧਾਇਕ ਬਣੇ ਸਨ | ਉਨ੍ਹਾਂ 40 ਸਾਲਾਂ ਤੱਕ ਅਖਿਲ ਭਾਰਤੀ ਬਿਸ਼ਨੋਈ ਮਹਾਸਭਾ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ | ਉਨ੍ਹਾਂ ਦਾ ਜਨਮ 12 ਜਨਵਰੀ 1922 ਨੂੰ ਬਹਾਵਲਨਗਰ (ਹੁਣ ਪਾਕਿਸਤਾਨ) ਦੇ ਤਾਲੀਆ ਪਿੰਡ 'ਚ ਹੋਇਆ ਸੀ | ਵੰਡ ਸਮੇਂ ਉਨ੍ਹਾਂ ਦੀ ਕਰੀਬ ਪੰਜ ਹਜ਼ਾਰ ਬੀਘਾ ਜ਼ਮੀਨ ਪਾਕਿਸਤਾਨ 'ਚ ਰਹਿ ਗਈ ਸੀ | ਬਾਅਦ 'ਚ ਭਾਰਤ 'ਚ ਅਲਾਟਮੈਂਟ ਦੌਰਾਨ ਪਰਿਵਾਰ ਨੂੰ ਸਕਤਾਖੇੜਾ 'ਚ ਸਿਰਫ਼ 500 ਬਿੱਘਾ ਜ਼ਮੀਨ ਹੀ ਅਲਾਟ ਹੋ ਸਕੀ | ਉਨ੍ਹਾਂ ਸਕੂਲੀ ਪੜ੍ਹਾਈ ਸਟੇਟ ਹਾਈ ਸਕੂਲ ਬਹਾਵਲਨਗਰ ਤੇ ਉੱਚ ਸਿੱਖਿਆ ਡੀ.ਐੱਮ. ਕਾਲਜ ਮੋਗਾ ਤੋਂ ਹਾਸਲ ਕੀਤੀ | ਵਕਾਲਤ ਦੀ ਡਿਗਰੀ ਲਾਹੌਰ ਤੇ ਸ਼ਿਮਲਾ ਦੇ ਲਾਅ ਕਾਲਜਾਂ ਤੋਂ ਹਾਸਿਲ ਕੀਤੀ | ਹਿੰਦੀ ਭਾਸ਼ਾ ਅੰਦੋਲਨ 'ਚ ਉਹ ਫਿਰੋਜ਼ਪੁਰ ਜੇਲ੍ਹ 'ਚ ਵੀ ਰਹੇ | ਉਮਰ ਦਾ ਸੈਂਕੜਾ ਪਾਰ ਕਰਨ ਮਗਰੋਂ ਵੀ ਉਹ ਬਿਨਾਂ ਐਨਕ ਦੇ ਅਖਬਾਰ ਪੜ੍ਹਦੇ ਸਨ | ਇਸ ਉਮਰ 'ਚ ਵੀ ਉਹ ਲੈਪਟਾਪ 'ਤੇ ਅੰਗਰੇਜ਼ੀ ਲੇਖ ਚਾਅ ਨਾਲ ਪੜ੍ਹਦੇ ਸਨ ਅਤੇ ਕੰਪਿਊਟਰ ਸਿੱਖਣ ਦੀ ਇੱਛਾ ਰੱਖਦੇ ਸਨ | 31 ਜਨਵਰੀ 2026 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਸਕਤਾਖੇੜਾ ਪੁੱਜ ਕੇ ਆਪਣੇ ਸਭ ਤੋਂ ਬਜ਼ੁਰਗ ਸਾਬਕਾ ਵਿਦਿਆਰਥੀ ਨੂੰ 'ਸਾਈਟੇਸ਼ਨ ਆਫ ਆਨਰ' ਨਾਲ ਨਿਵਾਜਿਆ ਸੀ |