ਬਟਾਲਾ, 23 ਮਈ (ਸਤਿੰਦਰ ਸਿੰਘ)-ਪਤਨੀ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ 'ਤੇ ਇਕ ਫੌਜੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ | ਬਟਾਲਾ ਨਜ਼ਦੀਕ ਪਿੰਡ ਛਿੱਤ ਵਾਸੀ ਮਿ੍ਤਕ ਫੌਜੀ ਕੰਵਲਜੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਕੰਵਲਜੀਤ ਸਿੰਘ 17 ਸਿੱਖ ਰੈਜੀਂਮੇਟ ਜੈਪੁਰ ਵਿਖੇ ਤਾਇਨਾਤ ਸੀ ਤੇ ਹੁਣ ਉਸ ਨੂੰ ਜ਼ਬਲਪੁਰ ਵਿਖੇ ਆਰਜ਼ੀ ਤੌਰ 'ਤੇ ਭੇਜਿਆ ਗਿਆ ਸੀ | ਕੰਵਲਜੀਤ ਸਿੰੰਘ ਦਾ ਵਿਆਹ ਫਰਵਰੀ 2026 ਨੂੰ ਸਰਬਜੀਤ ਕੌਰ ਨਾਲ ਹੋਇਆ ਸੀ | ਵਿਆਹ ਤੋਂ ਕਰੀਬ ਡੇਢ ਮਹੀਨੇ ਬਾਅਦ ਸਰਬਜੀਤ ਆਪਣੇ ਕਥਿਤ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ, ਜਿਸ ਸੰਬੰਧੀ ਮੇਰੇ ਪੁੱਤਰ ਵਲੋਂ ਸੰਬੰਧਿਤ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ | ਇਸ ਤੋਂ ਬਾਅਦ ਉਸ ਦਾ ਲੜਕਾ ਆਪਣੀ ਯੂਨਿਟ ਵਿਚ ਡਿਊੁਟੀ 'ਤੇ ਚਲਾ ਗਿਆ | ਹੁਣ ਬੀਤੇ ਸ਼ੁੱਕਰਵਾਰ ਨੂੰ ਯੂਨਿਟ ਤੋਂ ਫੋਨ ਆਇਆ ਸੀ ਕਿ ਕੰਵਲਜੀਤ ਸਿੰਘ ਨੇ ਸ਼ੋਸਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਪਤਨੀ ਤੇ ਕੁਝ ਵਿਅਕਤੀਆਂ ਵਲੋਂ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ | ਫ਼ੌਜੀ ਕੰਵਲਜੀਤ ਸਿੰਘ ਦਾ ਸੰਸਕਾਰ ਪਿੰਡ ਛਿੱਤ 'ਚ ਕਰ ਦਿੱਤਾ ਗਿਆ ਹੈ ਅਤੇ ਇਸ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ |
ਪਤਨੀ ਤੋਂ ਦੁਖੀ ਫ਼ੌਜੀ ਵਲੋਂ ਲਾਈਵ ਹੋ ਕੇ ਖੁਦਕੁਸ਼ੀ
ਅਜੀਤ ਡੈਸਕ
24-05-2026