ਪ੍ਰੋ. ਵੜੈਚ ਨੇ ਸ਼ਹੀਦਾਂ ਦੇ ਇਤਿਹਾਸ ਦੀ ਜੋਤ ਸਦਾ ਜਗਾਈ ਰੱਖੀ-ਡਾ. ਬਰਜਿੰਦਰ ਸਿੰਘ ਹਮਦਰਦ
ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 24 ਮਈ-'ਜੰਗ-ਏ-ਆਜ਼ਾਦੀ' ਦੇ ਤੱਥਮੂਲਕ ਇਤਿਹਾਸਕਾਰ ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਲੰਮਾ ਸਮਾਂ ਹਿਊਮੈਨੇਟੀਜ਼ ਦੇ ਪ੍ਰੋਫ਼ੈਸਰ ਰਹੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜਿਨ੍ਹਾਂ ਦਾ 9 ਮਈ ਨੂੰ ਦਿਹਾਂਤ ਹੋ ਗਿਆ ਸੀ, ਨਮਿਤ ਯਾਦਗਾਰੀ ਸਮਾਗਮ ਪੀਪਲਜ਼ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ। ਜਿਸ 'ਚ ਵਿਸ਼ੇਸ਼ ਤੌਰ 'ਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਸਮੇਤ ਵੱਖ-ਵੱਖ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਆਪੋ ਆਪਣੇ ਸ਼ਬਦਾਂ ਰਾਹੀਂ ਯਾਦ ਕੀਤਾ। ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਪ੍ਰੋ. ਵੜੈਚ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਸ਼ਹੀਦਾਂ, ਗ਼ਦਰੀ ਬਾਬਿਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਇਤਿਹਾਸ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਮਰਪਿਤ ਕਰ ਦਿੱਤੀ। ਪ੍ਰੋ. ਵੜੈਚ ਸਿਰਫ਼ ਇਤਿਹਾਸ ਲਿਖਣ ਵਾਲੇ ਵਿਦਵਾਨ ਨਹੀਂ ਸਨ, ਸਗੋਂ ਇੱਕ ਮਿਸ਼ਨਰੀ ਸ਼ਖ਼ਸੀਅਤ ਸਨ, ਜਿਨ੍ਹਾਂ ਦੇ ਜੀਵਨ ਦਾ ਇਕੋ ਮਕਸਦ ਜੰਗ-ਏ-ਆਜ਼ਾਦੀ ਦੇ ਸੂਰਬੀਰਾਂ ਦੀ ਜੋਤ ਨੂੰ ਸਦਾ ਜਗਦੀ ਰੱਖਣਾ ਸੀ। ਆਪਣੇ ਸੰਬੋਧਨ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋ. ਵੜੈਚ ਨਾਲ ਸਬੰਧ ਸਿਰਫ਼ ਜਾਣ-ਪਛਾਣ ਤੱਕ ਸੀਮਤ ਨਹੀਂ ਸੀ, ਸਗੋਂ ਡੂੰਘੀ ਪਰਿਵਾਰਕ ਨੇੜਤਾ ਤੇ ਆਤਮਿਕ ਸਾਂਝ ਵਾਲਾ ਸੀ। ਉਨ੍ਹਾਂ ਦੱਸਿਆ ਕਿ ਪ੍ਰੋ. ਵੜੈਚ ਦੇ ਭਾਣਜੇ ਤੇ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਰਾਹੀਂ ਹੀ ਉਨ੍ਹਾਂ ਨੂੰ ਪ੍ਰੋ. ਵੜੈਚ ਦੀ ਸੰਗਤ ਪ੍ਰਾਪਤ ਹੋਈ ਅਤੇ ਬਾਅਦ ਵਿਚ ਕਈ ਸਮਾਜਿਕ ਅਤੇ ਪਰਿਵਾਰਕ ਸਮਾਗਮਾਂ ਦੌਰਾਨ ਉਨ੍ਹਾਂ ਨਾਲ ਲੰਮਾ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਘੱਟ ਅਜਿਹੀਆਂ ਸ਼ਖ਼ਸੀਅਤਾਂ ਆਈਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ ਹੋਵੇ ਤੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਉਨ੍ਹਾਂ ਵਿਚੋਂ ਇਕ ਸਨ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਅਦਭੁਤ ਚੁੰਬਕੀ ਪ੍ਰਭਾਵ ਸੀ। ਡਾ. ਹਮਦਰਦ ਨੇ ਗੁਰਭਜਨ ਗਿੱਲ ਵਲੋਂ ਪ੍ਰੋ. ਵੜੈਚ ਦੇ ਜੀਵਨ ਅਤੇ ਯੋਗਦਾਨ 'ਤੇ ਤਿਆਰ ਕੀਤੀ ਗਈ ਪੁਸਤਕ ਦੀ ਵੀ ਸਰਾਹਨਾ ਕੀਤੀ ਤੇ ਕਿਹਾ ਕਿ ਇਹ ਉਨ੍ਹਾਂ ਲਈ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਵੜੈਚ ਦਾ ਜੀਵਨ ਬਹੁਤ ਸਫ਼ਲ ਤੇ ਉਦਾਹਰਨਯੋਗ ਸੀ, ਕਿਉਂਕਿ ਪ੍ਰੋ. ਵੜੈਚ ਨੇ ਆਪਣੇ ਮਿਸ਼ਨ ਨੂੰ ਹੀ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾਈ ਰੱਖਿਆ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਪ੍ਰੋ. ਵੜੈਚ ਹਮੇਸ਼ਾਂ ਇਸ ਗੱਲ ਲਈ ਚਿੰਤਤ ਰਹਿੰਦੇ ਸਨ ਕਿ ਜਿਨ੍ਹਾਂ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਨੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਉਨ੍ਹਾਂ ਦੀ ਯਾਦ ਅਤੇ ਵਿਚਾਰ ਨਵੀਂ ਪੀੜ੍ਹੀ ਦੇ ਮਨਾਂ ਵਿਚ ਸਦਾ ਜੀਊਂਦੇ ਰਹਿਣ। ਉਨ੍ਹਾਂ ਦਾ ਮੰਨਣਾ ਸੀ ਕਿ ਸਿਰਫ਼ ਇਤਿਹਾਸ ਪੜ੍ਹਨਾ ਹੀ ਕਾਫ਼ੀ ਨਹੀਂ, ਸਗੋਂ ਉਸ ਇਤਿਹਾਸ ਦੀ ਜੋਤ ਨੂੰ ਆਪਣੇ ਕਰਮ ਅਤੇ ਨਿਸ਼ਠਾ ਨਾਲ ਜਗਾਈ ਰੱਖਣਾ ਵੀ ਸਾਡਾ ਫਰਜ਼ ਹੈ। ਡਾ. ਹਮਦਰਦ ਨੇ ਭਾਵੁਕ ਹੋ ਕੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਾਬਾ ਸੋਹਣ ਸਿੰਘ ਭਕਨਾ ਦੇ ਦਰਸ਼ਨ ਅਤੇ ਸੰਗਤ ਦਾ ਸੁਭਾਗ ਮਿਲਿਆ ਜਾਂ ਸ਼ਹੀਦ ਭਗਤ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਨਾਲ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਤਾਂ ਇਸ ਦਾ ਸਿਹਰਾ ਵੀ ਪ੍ਰੋ. ਵੜੈਚ ਨੂੰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪ੍ਰੋ. ਵੜੈਚ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਲਈ ਸਦਾ ਯਤਨਸ਼ੀਲ ਰਹੇ। ਉਨ੍ਹਾਂ ਇੱਕ ਹੋਰ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਸਰਕਾਰ ਵਲੋਂ ਉਨ੍ਹਾਂ ਨੂੰ 'ਜੰਗ-ਏ-ਆਜ਼ਾਦੀ' ਦੇ ਇਤਿਹਾਸ ਨਾਲ ਸਬੰਧਿਤ ਯਾਦਗਾਰ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰੋ. ਵੜੈਚ ਦੀ ਯਾਦ ਆਈ। ਪ੍ਰੋ. ਵੜੈਚ ਨੇ ਨਾ ਸਿਰਫ਼ ਉਨ੍ਹਾਂ ਨੂੰ ਹੌਸਲਾ ਦਿੱਤਾ, ਸਗੋਂ ਕਈ ਅਹਿਮ ਕਿਤਾਬਾਂ ਅਤੇ ਹਵਾਲਾ ਸਮੱਗਰੀ ਵੀ ਦਿੱਤੀ। ਉਨ੍ਹਾਂ ਦੇ ਉਤਸ਼ਾਹ ਤੇ ਮਾਰਗਦਰਸ਼ਨ ਨੇ ਹੀ ਉਸ ਕਾਰਜ਼ ਨੂੰ ਸਫ਼ਲ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਡਾ. ਹਮਦਰਦ ਨੇ ਕਿਹਾ ਕਿ ਪ੍ਰੋ. ਵੜੈਚ ਜਿੰਨੇ ਵੱਡੇ ਵਿਦਵਾਨ ਸਨ, ਉਨ੍ਹਾਂ ਹੀ ਨਿੱਘੇ, ਸਾਦਗੀਪਸੰਦ ਅਤੇ ਪਿਆਰ ਕਰਨ ਵਾਲੇ ਇਨਸਾਨ ਵੀ ਸਨ। ਆਪਣੇ ਵਿਦਿਆਰਥੀਆਂ ਅਤੇ ਸਾਥੀਆਂ ਵਿਚ ਉਹ ਹਮੇਸ਼ਾਂ ਨਵੀਂ ਸੋਚ ਅਤੇ ਵਿਸ਼ੇਸ਼ ਊਰਜਾ ਭਰਦੇ ਰਹੇ। ਆਖ਼ਰ ਵਿਚ ਉਨ੍ਹਾਂ ਕਿਹਾ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਵਰਗੀਆਂ ਸ਼ਖ਼ਸੀਅਤਾਂ ਸਰੀਰਕ ਤੌਰ 'ਤੇ ਭਾਵੇਂ ਸਾਡੇ ਵਿਚ ਨਹੀਂ ਰਹਿੰਦੀਆਂ, ਪਰ ਉਨ੍ਹਾਂ ਦੀ ਸੋਚ, ਉਨ੍ਹਾਂ ਦਾ ਮਿਸ਼ਨ ਤੇ ਉਨ੍ਹਾਂ ਦੀ ਪ੍ਰੇਰਣਾ ਸਦਾ ਸਮਾਜ ਨੂੰ ਰਾਹ ਦਿਖਾਉਂਦੀ ਰਹਿੰਦੀ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਵੀ ਆਪਣੇ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀ ਸੋਚ ਨੂੰ ਆਪਣੇ ਮਨਾਂ ਵਿਚ ਸਦਾ ਜਗਾਈ ਰੱਖੀਏ। ਇਸ ਮੌਕੇ ਬੋਲਦਿਆਂ ਪ੍ਰੋ. ਵੜੈਚ ਦੇ ਵਿਦਿਆਰਥੀ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ 6 ਜੂਨ 1966 ਨੂੰ ਪਿੰਡ ਭਕਨਾ ਵਿਖੇ ਬਾਬਾ ਸੋਹਨ ਸਿੰਘ ਭਕਨਾ ਨਾਲ ਹੋਈ ਮੁਲਾਕਾਤ ਨੇ ਸਾਡਾ ਜੀਵਨ ਆਦਰਸ਼ ਮਿਥਿਆ ਅਤੇ ਮੇਰੇ ਨਾਨੀ ਜੀ ਤੇ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਜੀ ਸਤਿਕਾਰਯੋਗ ਵਿਦਿਆਵਤੀ ਦੀ ਸਰਪ੍ਰਸਤੀ ਹੇਠ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਸਾਥੀਆਂ ਨੇ ਜਲੰਧਰ 'ਚ ਯੁਵਕ ਕੇਂਦਰ ਦੀ ਸਥਾਪਨਾ ਕੀਤੀ, ਜਿਸ 'ਚ ਸਾਡੇ ਨਾਲ ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਡਾ ਬਰਜਿੰਦਰ ਸਿੰਘ ਹਮਦਰਦ, ਡਾ ਐਸ.ਪੀ ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਪ੍ਰਿੰਸੀਪਲ ਮਨੋਹਰ ਸਿੰਘ ਪਰਮਾਰ ਅਤੇ ਹੋਰ ਸਾਥੀਆਂ ਨੇ ਸ਼ਹੀਦਾਂ ਦੇ ਜੀਵਨ, ਸੁਫ਼ਨਿਆਂ ਅਤੇ ਆਦਰਸ਼ਾਂ ਨੂੰ ਪਿੰਡ ਪਿੰਡ ਪਹੁਚਾਉਣ 'ਚ ਪਹਿਲਕਦਮੀ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ. ਵੜੈਚ ਸਿਰਫ਼ ਜੰਗ-ਏ-ਆਜ਼ਾਦੀ ਲਹਿਰਾਂ ਦੇ ਇਤਿਹਾਸਕਾਰ ਹੀ ਨਹੀਂ ਸਨ ਸਗੋਂ ਵਰਤਮਾਨ ਅਨਿਆਂ ਤੇ ਜਬਰ ਜ਼ੁਲਮ ਦੇ ਖਿਲਾਫ਼ ਸੋਚਣ ਸਮਝਣ ਅਤੇ ਵਿਸ਼ਲੇਸ਼ਣ ਕਰਨ ਵਾਲੀ ਜਵਾਨੀ ਦੇ ਰਾਹ ਦਸੇਰਾ ਵੀ ਸਨ। ਇਨ੍ਹਾਂ ਤੋਂ ਇਲਾਵਾ ਸਮਾਗਮ ਨੂੰ ਹਰੀਸ਼ ਜੈਨ, ਪ੍ਰਸਿੱਧ ਲੇਖਕ ਡਾ. ਸਵਰਾਜਬੀਰ, ਅਮੋਲਕ ਸਿੰਘ, ਸੁਰਿੰਦਰ ਮੋਹਨ ਸਿੰਘ ਸੰਧੂ, ਡਾ. ਗੁਰਦੇਵ ਸਿੰਘ ਸਿੱਧੂ, ਮਨੋਹਰ ਸਿੰਘ ਚੁੱਘਾਂ (ਮੋਗਾ), ਸਵਰਨ ਸਿੰਘ ਵਿਰਕ ਤੋਂ ਇਲਾਵਾ ਸਿਡਨੀ (ਆਸਟ੍ਰੇਲੀਆ) ਤੋਂ ਆਨਲਾਈਨ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ਕ ਪ੍ਰੋ. ਵੜੈਚ ਜਿਸਮਾਨੀ ਤੌਰ 'ਤੇ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦਾ ਨਿੱਘ, ਉਨ੍ਹਾਂ ਦੀਆਂ ਲਿਖਤਾਂ, ਉਨ੍ਹਾਂ ਦੀ ਮੁਹੱਬਤ ਤੇ ਵਿਚਾਰ ਧਾਰਾ ਭਵਿੱਖ 'ਚ ਵੀ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ। ਇਸ ਤੋਂ ਪਹਿਲਾਂ ਉੱਘੇ ਵਿਦਵਾਨ ਸੁਖਦੇਵ ਸਿੰਘ ਸਿਰਸਾ ਨੇ ਸਾਰਿਆਂ ਨੂੰ ਜੀ-ਆਇਆਂ ਕਹਿੰਦਿਆਂ ਪ੍ਰੋ. ਵੜੈਚ ਦੀ ਜੀਵਨੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸ ਸਮਾਗਮ ਦੌਰਾਨ ਪ੍ਰੋ. ਗੁਰਭਜਨ ਗਿੱਲ ਵਲੋਂ ਪ੍ਰੋ. ਵੜੈਚ ਦੀ ਜੀਵਨੀ ਬਾਰੇ ਸੰਪਾਦਿਤ ਕੀਤੀ ਪੁਸਤਕ 'ਸਿਮਰਤੀ' ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ' ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਡਾ. ਬਰਜਿੰਦਰ ਸਿੰਘ ਹਮਦਰਦ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਪ੍ਰੋ. ਵੜੈਚ ਦੀ ਇਕਲੌਤੀ ਬੇਟੀ ਡਾ. ਮਿੰਨਾ ਜਾਖੜ ਤੇ ਸੁਖਦੇਵ ਸਿੰਘ ਸਿਰਸਾ ਵਲੋਂ ਲੋਕਅਰਪਣ ਕੀਤੀ ਗਈ। ਸਮਾਗਮ ਦੇ ਅੰਤ 'ਚ ਪ੍ਰੋ. ਵੜੈਚ ਦੇ ਭਾਣਜੇ ਤੇ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਾਲ ਸਬੰਧਿਤ ਯਾਦਾਂ, ਉਨ੍ਹਾਂ ਦੇ ਕਾਰਜ਼ਾਂ ਬਾਰੇ ਲਿਖ਼ਤ ਸਮੱਗਰੀ 3 ਮਹੀਨਿਆਂ ਦੇ ਅੰਦਰ-ਅੰਦਰ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਸ ਨੂੰ 'ਸਿਮਰਤੀ' ਗ੍ਰੰਥ ਦੇ ਤੌਰ 'ਤੇ ਸੰਭਾਲਿਆ ਜਾਵੇ। ਇਸ ਮੌਕੇ ਐਡਵੋਕੇਟ ਮਨਜੀਤ ਸਿੰਘ ਖਹਿਰਾ, ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ, ਪ੍ਰੋ. ਹਰਦੇਵ ਸਿੰਘ ਵਿਰਕ, ਸੀਤਾ ਰਾਮ ਬਾਂਸਲ, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ, ਲੋਕ ਗਾਇਕ ਹਰਦੀਪ ਸਿੰਘ ਮੁਹਾਲੀ, ਅਦਾਕਾਰ ਦਰਸ਼ਨ ਔਲਖ, ਏ.ਐਸ. ਪਾਲ, ਡਾ. ਮੇਘਾ ਸਿੰਘ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਇੰਜ਼. ਬਲਦੇਵ ਸਿੰਘ ਸਰਾਂ ਸਾਬਕਾ ਸੀ.ਐਮ.ਡੀ., ਸ਼ਬਦੀਸ਼, ਹਮੀਰ ਸਿੰਘ, ਡਾ. ਰੌਣਕੀ ਰਾਮ, ਕਰਮ ਸਿੰਘ ਹਿਸਟੋਰੀਅਨ ਦੇ ਪੋਤਰੇ ਹਰਪ੍ਰੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਢਿੱਲੋਂ, ਰਮੇਸ਼, ਪ੍ਰਸ਼ੋਤਮ ਬੱਲੀ ਬਰਨਾਲਾ, ਨੀਲ ਕਮਲ ਬਠਿੰਡਾ, ਪੰਜਾਬੀ ਲੇਖਕ ਡਾ. ਸੁਰਿੰਦਰ ਗਿੱਲ, ਗੁਰਸੇਵਕ ਸਿੰਘ ਢਿੱਲੋਂ, ਡਾ. ਬਲਦੇਵ ਸਿੰਘ ਸਪਤਰਿਸ਼ੀ, ਸੰਜੀਵਨ ਸਿੰਘ, ਨਰਭਿੰਦਰ ਸਿੰਘ, ਡਾ. ਕਰਨਬੀਰ ਸਿੰਘ ਜਲੰਧਰ, ਗਗਨਦੀਪ ਸਿੰਘ ਵਿਰਕ ਮੁੱਖ ਪ੍ਰਬੰਧਕ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ), ਸੁਖਦਰਸ਼ਨ ਨੱਤ, ਨਵਦੀਪ ਸਿੰਘ ਗਿੱਲ, ਮਾਨਸਾ, ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ, ਡਾ. ਚਮਨ ਲਾਲ, ਡਾ. ਹਰੀਸ਼ ਪੁਰੀ, ਯਸ਼ਪਾਲ ਵਰਗ ਚੇਤਨਾ, ਸਾਰਾਹ ਪੰਜਾਬ ਯੂਨੀਵਰਸਿਟੀ, ਰਣਜੀਤ ਸਿੰਘ ਔਲਖ, ਕਸਤੂਰੀ ਲਾਲ, ਸਵਦੇਸ਼ ਤਲਵਾਰ, ਜਸਬੀਰ ਸਮਰ, ਡਾ. ਜਗਤਾਰ ਸਿੰਘ ਜੋਗਾ, ਡਾ. ਜਸਪਾਲ ਸਿੰਘ ਪ੍ਰਿੰਸੀਪਲ, ਜਸਪਾਲ ਕੌਰ ਚੀਮਾ, ਜਸਵਿੰਦਰ ਕੌਰ ਗਿੱਲ, ਡਾ. ਗੁਰਸ਼ਮੀਰ ਸਿੰਘ, ਡਾ. ਮੁਕੇਸ਼ ਸੋਮਵਾਲ, ਸੁਰਿੰਦਰ ਕੁਮਾਰੀ ਕੋਛੜ, ਕਰਨਲ ਦਲਜੀਤ ਸਿੰਘ ਔਜਲਾ, ਰੁਪਿੰਦਰ ਕੌਰ ਔਜਲਾ, ਕੰਵਲਜੀਤ ਸਿੰਘ ਭਿੰਡਰ ਹੀਟ, ਗੁਰਤੇਜ ਸਿੰਘ ਵਧੀਕ ਕਮਿਸ਼ਨਰ (ਰਿਟ.) ਆਦਿ ਹਾਜ਼ਰ ਸਨ।
ਜੰਗ-ਏ-ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਭਾਵਭਿੰਨੀ ਸ਼ਰਧਾਂਜਲੀ
ਅਜੀਤ ਡੈਸਕ
25-05-2026