ਪਾਕਿਸਤਾਨ ਦੀ ਵਿਚੋਲਗੀ ਬਾਰੇ ਟਰੰਪ ਦੇ ਕਰੀਬੀ ਸੈਨੇਟਰ ਨੇ ਉਠਾਏ ਸਵਾਲ ਕਿਹਾ, ਪਾਕਿ ਇਜ਼ਰਾਈਲ ਪ੍ਰਤੀ ਰੱਖਦਾ ਦੁਸ਼ਮਣੀ, ਈਰਾਨ ਦੀ ਵੀ ਕਰਦਾ ਮਦਦ <br/>
ਅਜੀਤ ਡੈਸਕ
28-05-2026
ਅੰਮਿ੍ਤਸਰ, 27 ਮਈ-ਅਮਰੀਕਾ ਅਤੇ ਈਰਾਨ ਵਿਚਕਾਰ ਸੰਭਾਵਿਤ ਜੰਗਬੰਦੀ ਗੱਲਬਾਤ 'ਚ ਪਾਕਿਸਤਾਨ ਦੀ ਭੂਮਿਕਾ ਬਾਰੇ ਲਗਾਤਾਰ ਸਵਾਲ ਉੱਠ ਰਹੇ ਹਨ | ਰਿਪਬਲਿਕਨ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਪਾਕਿ ਦੀ ਨਿਰਪੱਖਤਾ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਇਜ਼ਰਾਈਲ ਪ੍ਰਤੀ ਪਾਕਿ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਉਸ ਲਈ ਵਿਚੋਲੇ ਵਜੋਂ ਕੰਮ ਕਰਨ 'ਚ ਮੁਸ਼ਕਿਲਾਂ ਖੜ੍ਹੀਆਂ ਕਰ ਰਹੀ ਹੈ | ਐਕਸ 'ਤੇ ਪੋਸਟ ਕਰਦੇ ਹੋਏ ਗ੍ਰਾਹਮ ਨੇ ਕਿਹਾ ਕਿ ਈਰਾਨੀ ਫ਼ੌਜੀ ਜਹਾਜ਼ ਪਾਕਿਸਤਾਨੀ ਹਵਾਈ ਅੱਡਿਆਂ 'ਤੇ ਤਾਇਨਾਤ ਕੀਤੇ ਜਾ ਰਹੇ ਹਨ | ਉਨ੍ਹਾਂ ਸੀਨੀਅਰ ਪਾਕਿਸਤਾਨੀ ਨੇਤਾਵਾਂ ਦੇ ਇਜ਼ਰਾਈਲ ਵਿਰੋਧੀ ਬਿਆਨਾਂ ਨੂੰ ਵੀ ਡੂੰਘਾ ਪਰੇਸ਼ਾਨ ਕਰਨ ਵਾਲਾ ਦੱਸਿਆ | ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਕਿ ਨੂੰ ਅਬਰਾਹਿਮ ਸਮਝੌਤਿਆਂ 'ਚ ਸ਼ਾਮਿਲ ਹੋਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ | ਇਜ਼ਰਾਈਲ ਪ੍ਰਤੀ ਅਵਿਸ਼ਵਾਸ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਕਿਵੇਂ ਬੈਠ ਸਕਦੇ ਹਾਂ ਜਿਨ੍ਹਾਂ ਦੀਆਂ ਗੱਲਾਂ 'ਤੇ ਇਕ ਦਿਨ ਲਈ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ | ਪਾਕਿ ਦੇ ਰੱਖਿਆ ਮੰਤਰੀ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਬਾਅਦ, ਲਿੰਡਸੇ ਗ੍ਰਾਹਮ ਨੇ ਮੰਗ ਕੀਤੀ ਕਿ ਪਾਕਿਸਤਾਨ ਟਰੰਪ ਦੀ ਅਪੀਲ 'ਤੇ ਤੁਰੰਤ ਆਪਣਾ ਅਧਿਕਾਰਤ ਰੁਖ਼ ਸਪਸ਼ਟ ਕਰੇ |
ਕੀ ਹੈ ਅਬਰਾਹਿਮ ਸਮਝੌਤਾ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਸਾਊਦੀ ਅਰਬ, ਕਤਰ, ਪਾਕਿਸਤਾਨ, ਤੁਰਕੀ, ਮਿਸਰ, ਜਾਰਡਨ ਤੇ ਬਹਿਰੀਨ ਵਰਗੇ ਦੇਸ਼ਾਂ ਨੂੰ ਅਬਰਾਹਿਮ ਸਮਝੌਤਿਆਂ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਈਰਾਨ ਨਾਲ ਇਕ ਸੰਭਾਵੀ ਸਮਝੌਤਾ ਪੱਛਮੀ ਏਸ਼ੀਆ 'ਚ ਇਤਿਹਾਸਕ ਤਬਦੀਲੀਆਂ ਲਿਆ ਸਕਦਾ ਹੈ | ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਮਝੌਤਾ ਨਹੀਂ ਹੋਇਆ ਤਾਂ ਖੇਤਰ 'ਚ ਟਕਰਾਅ ਵੱਧ ਸਕਦਾ ਹੈ | ਦਰਅਸਲ, ਸੰਯੁਕਤ ਰਾਜ ਅਮਰੀਕਾ ਦੀ ਵਿਚੋਲਗੀ ਨਾਲ ਸਾਲ 2020 'ਚ ਕੀਤੇ ਗਏ ਅਬਰਾਹਿਮ ਸਮਝੌਤੇ ਨਾਲ ਇਜ਼ਰਾਈਲ ਅਤੇ ਕਈ ਅਰਬ ਦੇਸ਼ਾਂ ਵਿਚਕਾਰ ਕੂਟਨੀਤਕ, ਆਰਥਿਕ ਅਤੇ ਸੁਰੱਖਿਆ ਸੰਬੰਧ ਆਮ ਬਣੇ ਸਨ |