ਸੰਗਰੂਰ, ਧਰਮਗੜ੍ਹ, 27 ਮਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਉੱਤਰੀ ਭਾਰਤ ਦੀ ਲੜਕੀਆਂ ਦੀ ਇਕਲੌਤੀ ਯੂਨੀਵਰਸਿਟੀ, ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਲੜਕੀਆਂ ਦੀ ਉੱਚ ਸਿੱਖਿਆ ਨੂੰ ਉੱਚਾ ਚੁੱਕਣ ਲਈ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ | 'ਬੇਟੀ ਬਚਾਓ, ਬੇਟੀ ਪੜ੍ਹਾਓ' ਦੀ ਭਾਵਨਾ ਨੂੰ ਸਾਕਾਰ ਕਰਦਿਆਂ ਯੂਨੀਵਰਸਿਟੀ ਦੇਸ਼ ਭਰ ਦੀਆਂ ਵਿਦਿਆਰਥਣਾਂ ਲਈ ਉੱਚ ਸਿੱਖਿਆ ਦੇ ਨਵੇਂ ਰਾਹ ਖੋਲ੍ਹ ਰਹੀ ਹੈ | ਯੂਨੀਵਰਸਿਟੀ ਵਿਖੇ ਇਸ ਸਮੇਂ ਕੁੱਲ 1330 ਵਿਦਿਆਰਥਣਾਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਜਿਨ੍ਹਾਂ 'ਚੋਂ ਕਰੀਬ 400 ਵਿਦਿਆਰਥਣਾਂ ਨੂੰ 100 ਫ਼ੀਸਦੀ ਟਿਊਸ਼ਨ ਫ਼ੀਸ ਮੁਆਫ਼ੀ ਦਾ ਲਾਭ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਕਰੀਬ 200 ਵਿਦਿਆਰਥਣਾਂ ਬਹੁਤ ਘੱਟ ਖ਼ਰਚ 'ਤੇ ਆਪਣੀ ਪੜ੍ਹਾਈ ਜਾਰੀ ਰੱਖ ਰਹੀਆਂ ਹਨ | ਇਹ ਪਹਿਲਕਦਮੀ ਉਨ੍ਹਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਆਰਥਿਕ ਤੰਗੀ ਕਾਰਨ ਆਪਣੀਆਂ ਧੀਆਂ ਨੂੰ ਉੱਚ ਸਿੱਖਿਆ ਨਹੀਂ ਦਿਵਾ ਸਕਦੇ ਹਨ, ਜਿਸ ਕਰਕੇ ਇਸ ਯੂਨੀਵਰਸਿਟੀ ਰਾਹੀਂ ਕਈ ਧੀਆਂ ਨੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ ਹੈ | ਇੰਟਰਨਲ ਯੂਨੀਵਰਸਿਟੀ ਵਿਖੇ ਸਨਾਤਕ (ਯੂ.ਜੀ.), ਪੋਸਟ ਗ੍ਰੈਜੂਏਟ (ਪੀ.ਜੀ.) ਅਤੇ ਪੀ.ਐਚ.ਡੀ. ਪੱਧਰ ਦੇ ਕਈ ਕੋਰਸ ਕਰਵਾਏ ਜਾ ਰਹੇ ਹਨ | ਇੱਥੇ ਖੇਤੀਬਾੜੀ ਵਿਗਿਆਨ, ਕੰਪਿਊਟਰ ਸਾਇੰਸ, ਮਨੋਵਿਗਿਆਨ, ਬੇਸਿਕ ਸਾਇੰਸ, ਨਰਸਿੰਗ, ਵਪਾਰ ਅਤੇ ਅਰਥ ਸ਼ਾਸਤਰ, ਮੈਨੇਜਮੈਂਟ, ਫੂਡ ਟੈਕਨੌਲੋਜੀ ਸਮੇਤ ਹੋਰ ਕਈ ਵਿਸ਼ਿਆਂ ਵਿੱਚ ਉੱਚ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਯੂਨੀਵਰਸਿਟੀ ਦਾ ਬੀ.ਐਸ.ਸੀ. ਖੇਤੀਬਾੜੀ ਕੋਰਸ ਆਈ.ਸੀ.ਏ.ਆਰ. ਤੋਂ ਮਾਨਤਾ ਪ੍ਰਾਪਤ ਹੈ, ਜਦਕਿ ਨਰਸਿੰਗ ਪ੍ਰੋਗਰਾਮ ਨੂੰ ਇੰਡੀਅਨ ਨੈਸ਼ਨਲ ਕੌਸ਼ਲ ਵਲੋਂ ਮਨਜ਼ੂਰੀ ਮਿਲੀ ਹੋਈ ਹੈ, ਜਿਸ ਨੂੰ ਹਿਮਾਚਲ ਪ੍ਰਦੇਸ਼ ਦਾ ਪਹਿਲਾ ਨਿੱਜੀ ਨਰਸਿੰਗ ਕਾਲਜ ਹੋਣ ਦਾ ਮਾਣ ਵੀ ਹਾਸਲ ਹੈ | ਯੂਨੀਵਰਸਿਟੀ ਪ੍ਰਬੰਧਕਾਂ ਡਾ. ਦਵਿੰਦਰ ਸਿੰਘ ਪ੍ਰਧਾਨ ਕਲਗ਼ੀਧਰ ਟਰੱਸਟ ਬੜੂ ਸਾਹਿਬ, ਉੱਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਤੇ ਡਾ. ਨੀਲਮ ਕੌਰ ਬੜੂ ਸਾਹਿਬ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਮੈਨੇਜਮੈਂਟ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਲੜਕੀ ਕੇਵਲ ਆਰਥਿਕ ਕਾਰਨਾਂ ਕਰਕੇ ਆਪਣੀ ਪੜ੍ਹਾਈ ਅਧੂਰੀ ਨਾ ਛੱਡੇ |
ਇੰਟਰਨਲ 'ਵਰਸਿਟੀ ਬੜੂ ਸਾਹਿਬ ਵਿਖੇ ਸੈਂਕੜੇ ਵਿਦਿਆਰਥਣਾਂ ਕਰ ਰਹੀਆਂ ਨੇ ਮੁਫ਼ਤ ਪੜ੍ਹਾਈ
ਅਜੀਤ ਡੈਸਕ
28-05-2026