ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਲਈ ਹੁਣ ਤੱਕ 4459 ਕਿਸਾਨਾਂ ਨੇ 53840.47 ਏਕੜ ਦਾ ਕੀਤਾ ਪੰਜੀਕਰਨ <br/>
ਅਜੀਤ ਡੈਸਕ
06-06-2026
ਜਲੰਧਰ, 5 ਜੂਨ -ਲਗਾਤਾਰ ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾਉਣ ਦੇ ਉਦੇਸ਼ ਨਾਲ ਸੂਬੇ ਅੰਦਰ 15 ਮਈ ਤੋਂ ਸ਼ੁਰੂ ਹੋਈ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਵਲੋਂ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ | 4 ਜੂਨ ਤੱਕ ਵੱਖ-ਵੱਖ ਜ਼ਿਲਿ੍ਹਆਂ ਦੇ 4459 ਕਿਸਾਨਾਂ ਨੇ 53840.47 ਏਕੜ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ 'ਤੇ ਪੰਜੀਕਰਨ ਕਰ ਦਿੱਤਾ ਹੈ ਜੋ ਕਿ ਨਿਰਧਾਰਤ ਟੀਚੇ ਦਾ 10.77 ਫੀਸਦੀ ਰਕਬਾ ਬਣਦਾ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ 5 ਲੱਖ ਏਕੜ 'ਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਦਾ ਟੀਚਾ ਮਿਥਿਆ ਹੈ | ਸਰਕਾਰ ਤੇ ਵਿਭਾਗ ਨੂੰ ਉਮੀਦ ਹੈ ਕਿ ਇਸ ਵਾਰ ਇਹ ਟੀਚਾ 3 ਲੱਖ ਏਕੜ ਰਕਬੇ ਤੋਂ ਟੱਪ ਜਾਵੇਗਾ | ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਸੂਬੇ 'ਚ 23410 ਕਿਸਾਨਾਂ ਨੇ ਸਿੱਧੀ ਬਿਜਾਈ ਲਈ 2,93,876 ਏਕੜ ਰਕਬੇ ਦੀ ਰਜਿਸਟ੍ਰੇਸ਼ਨ ਕੀਤੀ ਸੀ, ਜਿਸ ਦੀ ਵੱਖ-ਵੱਖ ਪੱਧਰਾਂ 'ਤੇ ਕੀਤੀ ਪੜਤਾਲ ਉਪਰੰਤ ਰਕਬਾ 2,35,899 ਏਕੜ ਪਾਇਆ ਗਿਆ ਸੀ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਬਸਿਡੀ ਦੇ ਹਿਸਾਬ ਨਾਲ ਕੁੱਲ 35.38 ਕਰੋੜ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਪਾਈ ਗਈ ਸੀ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਕਿਸਾਨਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਇਸ ਵਾਰ ਸਿੱਧੀ ਬਿਜਾਈ ਹੇਠਲਾ ਰਕਬਾ 3 ਲੱਖ ਏਕੜ ਤੋਂ ਟੱਪ ਜਾਵੇਗਾ | ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਕਰਨ ਦਾ ਸਮਾਂ 30 ਜੂਨ ਨਿਰਧਾਰਤ ਕੀਤਾ ਗਿਆ ਹੈ ਜਦੋਂਕਿ ਕਿਸਾਨ 15 ਜੁਲਾਈ ਤਕ ਵੀ ਰਜਿਸਟ੍ਰੇਸ਼ਨ ਕਰਵਾਉਂਦੇ ਰਹਿੰਦੇ ਹਨ ਤੇ 15 ਜੁਲਾਈ ਤੋਂ ਹੀ ਪੋਰਟਲ 'ਤੇ ਪਾਏ ਗਏ ਰਕਬੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਪੜਤਾਲ ਉਪਰੰਤ ਜਿੰਨਾ ਰਕਬਾ ਸਹੀ ਪਾਇਆ ਜਾਵੇਗਾ, ਉਸ ਦੇ ਹਿਸਾਬ ਨਾਲ ਕਿਸਾਨਾਂ ਦੇ ਖਾਤਿਆਂ 'ਚ ਬਣਦੀ ਸਬਸਿਡੀ ਪਾਈ ਜਾਵੇਗੀ | ਡਾ. ਬਰਾੜ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ 40 ਕਰੋੜ ਰੁਪਏ ਦੀ ਸਬਸਿਡੀ ਦੀ ਰਾਸ਼ੀ ਬਜਟ 'ਚ ਰੱਖੀ ਹੋਈ ਹੈ |
20 ਤੋਂ 25 ਫੀਸਦੀ ਪਾਣੀ ਦੀ ਹੁੰਦੀ ਹੈ ਬੱਚਤ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਮੁੱਖ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਰਿਵਾਇਤੀ ਲਵਾਈ ਦੇ ਮੁਕਾਬਲੇ ਪਾਣੀ ਦੀ 20 ਤੋਂ 25 ਫੀਸਦੀ ਤਕ ਬੱਚਤ ਹੁੰਦੀ ਹੈ | ਇਸ ਦੇ ਨਾਲ ਹੀ ਟਿਊਬਵੈੱਲਾਂ ਦੀਆਂ ਮੋਟਰਾਂ ਘੱਟ ਚੱਲਣ ਨਾਲ ਬਿਜਲੀ ਦੀ ਖਪਤ ਵੀ ਘੱਟਦੀ ਹੈ | ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਖੇਤ ਨੂੰ ਵੱਤਰ ਕਰਨ ਉਪਰੰਤ ਡਰਿੱਲ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਕਈ ਦਿਨਾਂ ਬਾਅਦ ਹੀ ਪਾਣੀ ਲਾਉਣ ਦੀ ਲੋੜ ਪੈਂਦੀ ਹੈ |