ਐੱਸ. ਏ. ਐੱਸ. ਨਗਰ, 5 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਸਥਾਪਿਤ ਸ. ਬਹਾਦਰ ਅਮੀਨ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਜਵਾੜਾ (ਹੁਸ਼ਿਆਰਪੁਰ) ਵਲੋਂ ਭਾਰਤੀ ਹਥਿਆਰਬੰਦ ਬਲਾਂ 'ਚ ਅਫ਼ਸਰ ਪੱਧਰ ਦੀ ਭਰਤੀ ਲਈ ਤਿਆਰੀ ਕਰਵਾਉਣ ਲਈ ਦਾਖ਼ਲੇ ਸ਼ੁਰੂ ਕੀਤੇ ਗਏ ਹਨ | ਇਸ ਬਾਬਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਸੰਸਥਾ ਦਾ ਉਦੇਸ਼ ਨੌਜਵਾਨਾਂ ਨੂੰ ਭਾਰਤੀ ਫ਼ੌਜ, ਹਵਾਈ ਸੈਨਾ ਅਤੇ ਨੇਵੀ 'ਚ ਅਫ਼ਸਰ ਵਜੋਂ ਭਰਤੀ ਲਈ ਲੋੜੀਂਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਚੋਣ ਪ੍ਰਕਿਰਿਆਵਾਂ ਲਈ ਤਿਆਰ ਕਰਨਾ ਹੈ | ਸੰਸਥਾ ਦਾ ਪਹਿਲਾ ਬੈਚ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ | ਉਮੀਦਵਾਰਾਂ ਨੂੰ 3 ਮਹੀਨਿਆਂ ਦੀ ਅਕਾਦਮਿਕ ਸਿਖਲਾਈ ਅਤੇ 3 ਹਫ਼ਤਿਆਂ ਦੀ ਸਰਵਿਸ ਸਿਲੈਕਸ਼ਨ ਬੋਰਡ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਲਈ ਉਹ ਉਮੀਦਵਾਰ ਯੋਗ ਹਨ, ਜਿਨ੍ਹਾਂ ਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ ਜਾਂ ਜੋ ਇਸ ਸਮੇਂ ਗ੍ਰੈਜੂਏਸ਼ਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਲੋੜਵੰਦ ਉਮੀਦਵਾਰਾਂ ਲਈ ਹੋਸਟਲ ਦੀ ਸਹੂਲਤ ਵੀ ਉਪਲੱਬਧ ਹੋਵੇਗੀ | ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਨਿਰਧਾਰਤ ਅਰਜ਼ੀ ਫਾਰਮ ਭਰ ਕੇ 18 ਜੂਨ ਤੱਕ ਈ-ਮੇਲ sbacsafpihoshiarpur0gmail.com 'ਤੇ ਭੇਜ ਸਕਦੇ ਹਨ |