ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵਿਚ ਸਸਤੀ ਸ਼ਰਾਬ ਪਾ ਕੇ ਵੇਚਣ ਦੇ ਮਾਮਲਿਆਂ ਤੋਂ ਬਾਅਦ ਕੀਤੀ ਸਖ਼ਤੀ
ਸ਼ਿਵ ਸ਼ਰਮਾ
ਜਲੰਧਰ, 6 ਜੂਨ-ਹੁਣ ਤੱਕ ਤਾਂ ਦਰਿਆਵਾਂ ਦੇ ਕੰਢਿਆਂ ਜਾਂ ਹੋਰ ਥਾਵਾਂ 'ਤੇ ਨਾਜਾਇਜ਼ ਦੇਸੀ ਸ਼ਰਾਬ ਬਣਾ ਕੇ ਵੇਚਣ ਦੇ ਮਾਮਲੇ ਆਬਕਾਰੀ ਵਿਭਾਗ ਵਲੋਂ ਫੜੇ ਜਾਂਦੇ ਰਹੇ ਹਨ ਤੇ ਇਸ ਤੋਂ ਇਲਾਵਾ ਦੂਜੇ ਸਸਤੀ ਸ਼ਰਾਬ ਵਾਲੇ ਰਾਜਾਂ ਤੋਂ ਸ਼ਰਾਬ ਲਿਆ ਕੇ ਉਨ੍ਹਾਂ ਨੂੰ ਤਸਕਰੀ ਕਰਕੇ ਵੇਚਿਆ ਜਾਂਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਕਈ ਗਰੁੱਪਾਂ ਦੇ ਰੇਟ ਤੋੜਨ ਲਈ ਦੂਜੇ ਗਰੁੱਪ ਹੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਸਸਤੀ ਸ਼ਰਾਬ ਵੇਚਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ | ਪਰ ਹੁਣ ਕਈ ਲੋਕ ਮਹਿੰਗੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਲੈ ਕੇ ਉਨ੍ਹਾਂ ਵਿਚ ਸਸਤੀ ਸ਼ਰਾਬ ਪਾ ਕੇ ਵੇਚਣ ਲੱਗ ਪਏ ਹਨ | ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਉਣ ਨਾਲ ਆਬਕਾਰੀ ਵਿਭਾਗ ਦੀਆਂ ਤਾਂ ਨੀਂਦਾਂ ਉੱਡ ਗਈਆਂ ਹਨ ਸਗੋਂ ਕਈ ਸ਼ਰਾਬ ਠੇਕੇਦਾਰਾਂ ਲਈ ਵੀ ਇਸ ਤਰਾਂ ਦੀ ਸ਼ਰਾਬ ਵਿਕਣ ਕਰਕੇ ਚਿੰਤਾ ਪਾਈ ਜਾ ਰਹੀ ਹੈ | ਕੁੱਝ ਸਮਾਂ ਪਹਿਲਾਂ ਆਬਕਾਰੀ ਵਿਭਾਗ ਨੇ ਲੁਧਿਆਣਾ ਵਿਚ ਇਸ ਤਰ੍ਹਾਂ ਦਾ ਮਾਮਲਾ ਫੜਿਆ ਸੀ | ਦੱਸਿਆ ਜਾਂਦਾ ਹੈ ਕਿ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਲੈ ਕੇ ਉਨ੍ਹਾਂ ਵਿਚ ਸਸਤੀ ਸ਼ਰਾਬ ਵੇਚਣ ਲਈ ਉਹ ਵਿਆਹ ਸਮਾਗਮਾਂ ਜਾਂ ਹੋਰ ਵੀ ਥਾਵਾਂ ਵਿਚ ਸਫ਼ਾਈ ਨਾਲ ਵੇਚ ਜਾਂਦੇ ਹਨ | ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਬਕਾਰੀ ਵਿਭਾਗ ਵਲੋਂ ਇਨ੍ਹਾਂ ਖ਼ਾਲੀ ਬੋਤਲਾਂ 'ਤੇ ਵੀ ਨਿਗਰਾਨੀ ਕੀਤੀ ਜਾਣ ਲੱਗੀ ਹੈ | ਆਬਕਾਰੀ ਵਿਭਾਗ ਕਈ ਵਾਰ ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਵੀ ਲਗਾਤਾਰ ਫੜਦਾ ਰਿਹਾ ਹੈ | ਕਈ ਲੋਕ ਤਾਂ ਇਸ ਬਾਰੇ ਇਸ ਦੀ ਘਰੋਂ-ਘਰੀਂ ਸਪਲਾਈ ਵੀ ਕਰਦੇ ਹਨ | ਆਬਕਾਰੀ ਵਿਭਾਗ ਹੁਣ ਤੱਕ ਤਾਂ ਨਾਜਾਇਜ਼ ਸ਼ਰਾਬ ਦੀ ਵਿੱਕਰੀ ਰੋਕਣ 'ਤੇ ਵੀ ਕਾਫ਼ੀ ਧਿਆਨ ਦਿੰਦਾ ਰਿਹਾ ਹੈ ਤੇ ਇਸ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦੀ ਵਿੱਕਰੀ ਦੀਆਂ ਖ਼ਬਰਾਂ ਕਈ ਥਾਵਾਂ ਤੋਂ ਆਉਂਦੀਆਂ ਰਹਿੰਦੀਆਂ ਹਨ ਪਰ ਮਹਿੰਗੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਵਿਚ ਸਸਤੀ ਸ਼ਰਾਬ ਪਾ ਕੇ ਵੇਚਣ ਦੇ ਮਾਮਲਿਆਂ ਨਾਲ ਸ਼ਰਾਬ ਦੇ ਸ਼ੌਕੀਨਾਂ ਨਾਲ ਲੁੱਟ ਦੇ ਮਾਮਲਿਆਂ ਤੋਂ ਬਾਅਦ ਆਬਕਾਰੀ ਵਿਭਾਗ ਨੇ ਹੁਣ ਹੋਟਲਾਂ, ਬਾਰ ਤੇ ਹੋਰਾਂ ਨੂੰ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਨੂੰ ਸਾਂਭ ਕੇ ਰੱਖਣ ਦੀਆਂ ਹਦਾਇਤਾਂ ਦੇਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ | ਸੂਬੇ ਵਿਚ ਸਾਲਾਨਾ ਸ਼ਰਾਬ ਦੀ ਵਿੱਕਰੀ ਤੋਂ ਆਬਕਾਰੀ ਵਿਭਾਗ ਨੂੰ ਹੀ 12,800 ਕਰੋੜ ਦੀ ਆਮਦਨ ਮਿਲਣ ਲੱਗ ਪਈ ਹੈ ਜਦਕਿ ਇਸ ਤੋਂ ਜ਼ਿਆਦਾ ਦਾ ਇਹ ਸ਼ਰਾਬ ਕਾਰੋਬਾਰ ਹੈ |
ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦੀ ਵੀ ਨਿਗਰਾਨੀ ਕਰ ਰਿਹਾ ਆਬਕਾਰੀ ਵਿਭਾਗ
ਅਜੀਤ ਡੈਸਕ
07-06-2026