ਚੰਡੀਗੜ੍ਹ, 6 ਜੂਨ (ਅਜੀਤ ਬਿਊਰੋ)-ਸੂਬੇ ਵਿਚ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਨੂੰ ਹੁਲਾਰਾ ਦੇਣ ਦੇ ਵਿਆਪਕ ਯਤਨ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿਚ ਅਕਾਦਮਿਕ ਸੈਸ਼ਨ 2026-27 ਤੋਂ ਪੰਜ ਨਵੇਂ ਉਦਯੋਗ ਤੇ ਹੁਨਰ-ਅਧਾਰਿਤ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ | ਬੈਂਸ ਨੇ ਕਿਹਾ ਕਿ ਨਵੇਂ ਕੋਰਸਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਮਸ਼ੀਨ ਲਰਨਿੰਗ ਵਿਚ ਬੀ.ਟੈੱਕ, ਰੋਬੋਟਿਕਸ ਅਤੇ ਏ.ਆਈ. ਵਿਚ ਬੀ.ਟੈੱਕ, ਬੀ.ਫਾਰਮੇਸੀ, ਬੀ.ਐਸ.ਸੀ. ਐਗਰੀਕਲਚਰ ਅਤੇ ਐਮ.ਸੀ.ਏ., ਐਮ.ਬੀ.ਏ. ਤੇ ਐਮ.ਐਸ.ਸੀ. ਵਿਚ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਸ਼ਾਮਿਲ ਹਨ | ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਨੂੰ ਰੋਜ਼ਗਾਰ-ਅਧਾਰਤ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਯੋਗ ਬਣਾਉਣ ਦੇ ਵਿਆਪਕ ਦਿ੍ਸ਼ਟੀਕੋਣ ਦਾ ਹਿੱਸਾ ਹੈ | ਬੇਅੰਤ ਸਿੰਘ ਯੂਨੀਵਰਸਿਟੀ ਹੁਣ ਸਿਰਫ਼ ਡਿਗਰੀ ਧਾਰਕਾਂ ਲਈ ਹੀ ਨਹੀਂ, ਸਗੋਂ ਨਵੀਨ ਵਿਚਾਰਾਂ ਵਾਲੇ ਨੌਜਵਾਨਾਂ ਲਈ ਲਾਂਚਪੈਡ ਬਣੇਗੀ | ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਹਿਲ ਸੂਬੇ 'ਚੋਂ ਹੁਨਰ ਦੀ ਹਿਜਰਤ ਦੇ ਰੁਝਾਨ ਨੂੰ ਉਲਟਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ |
ਪੰਜਾਬ ਦੀ ਉਚੇਰੀ ਸਿੱਖਿਆ ਨੂੰ ਰੋਜ਼ਗਾਰ ਤੇ ਉਦਯੋਗ ਦੀਆਂ ਭਵਿੱਖੀ ਲੋੜਾਂ ਅਨੁਸਾਰ ਢਾਲਿਆ ਜਾ ਰਿਹੈ-ਬੈਂਸ <br/>
ਅਜੀਤ ਡੈਸਕ
07-06-2026