ਗੁਰਦਾਸਪੁਰ, 14 ਜੂਨ (ਅਸ਼ੋਕ ਸ਼ਰਮਾ)-ਪਾਵਰਕਾਮ ਸਬ ਡਵੀਜ਼ਨ ਦਫ਼ਤਰ ਦੀ ਕੰਧ ਨਾਲ ਗਲੀ ਵਿਚ ਟੇਢਾ ਰੁੱਖ ਕਈ ਦਹਾਕਿਆਂ ਤੋਂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ | ਜਿਸ ਨੰੂ ਕਟਵਾਉਣ ਲਈ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ, ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੰੂ ਲਿਖਤੀ ਤੌਰ 'ਤੇ ਕਹਿ ਚੁੱਕੀਆਂ ਹਨ | ਪਰ ਇਸ ਪਾਸੇ ਵਣ ਰੇਂਜ ਅਫ਼ਸਰ ਵੀ ਬਿਲਕੁਲ ਧਿਆਨ ਨਹੀਂ ਦੇ ਰਹੇ | ਜਿਸ ਕਾਰਨ ਸ਼ਹਿਰ ਵਾਸੀਆਂ ਦਾ ਸਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਉੱਘੇ ਸਮਾਜ ਸੇਵਕ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਰੁੱਖ ਨੰੂ ਕਟਵਾਉਣ ਲਈ ਡਿਪਟੀ ਕਮਿਸ਼ਨਰ ਨੰੂ ਵੀ ਮਿਲੇ ਹਨ | ਪਰ ਉਹ ਵੀ ਕੋਈ ਧਿਆਨ ਨਹੀਂ ਦੇ ਰਹੇ | ਉਨ੍ਹਾਂ ਦੱਸਿਆ ਕਿ ਗਲੀ ਵਿਚਕਾਰ ਲੱਗੇ ਰੁੱਖ ਦੇ ਇਕ ਪਾਸੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਦੀ ਕੰਧ ਲੱਗਦੀ ਹੈ ਅਤੇ ਦੂਜੇ ਪਾਸੇ ਬਿਜਲੀ ਬੋਰਡ ਦਾ ਦਫ਼ਤਰ ਸਥਿਤ ਹੈ ਜੋ ਟੇਢਾ ਹੇਠਾਂ ਨੰੂ ਝੁਕਿਆ ਹੋਣ ਕਾਰਨ ਵਾਹਨ ਚਾਲਕਾਂ ਨੰੂ ਵੀ ਲੰਘਣ ਵਿਚ ਪ੍ਰੇਸ਼ਾਨੀ ਆਉਂਦੀ ਹੈ, ਕਿਉਂਕਿ ਰੋਜ਼ਾਨਾ ਹੀ ਇਸ ਗਲੀ ਵਿਚੋਂ ਦੋ ਪਹੀਆ ਵਾਹਨ ਚਾਲਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ | ਜਿਸ ਕਰਕੇ ਕਈ ਵਾਰ ਲੋਕ ਸਿਰ ਵਿਚ ਰੁੱਖ ਵੱਜਣ ਨਾਲ ਜ਼ਖਮੀ ਵੀ ਹੋਏ ਹਨ | ਉਨ੍ਹਾਂ ਦੱਸਿਆ ਕਿ ਜੇਕਰ ਵਣ ਵਿਭਾਗ ਨੇ ਇਕ ਹਫ਼ਤੇ ਦੇ ਅੰਦਰ ਇਸ ਰੁੱਖ ਨੰੂ ਨਾ ਹਟਾਇਆ ਤਾਂ ਜਨ ਹਿਤ ਮੰਚ ਮਹਿਕਮੇ ਖ਼ਿਲਾਫ਼ ਸੰਘਰਸ਼ ਕਰੇਗਾ ਅਤੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |
ਕਈ ਦਹਾਕਿਆਂ ਤੋਂ ਗਲੀ 'ਚ ਟੇਢਾ ਰੁੱਖ ਰਾਹਗੀਰਾਂ ਲਈ ਬਣਿਆ ਪ੍ਰੇਸ਼ਾਨੀ
ਅਜੀਤ ਡੈਸਕ
15-06-2026