ਮੰਡੀ ਗੋਬਿੰਦਗੜ੍ਹ, 21 ਜੂਨ (ਮੋਹਿਤ ਸਿੰਗਲਾ): ਦੇਸ਼ ਦੇ ਕੌਮੀ ਸ਼ਾਹ ਮਾਰਗਾਂ ਅਤੇ ਐਕਸਪ੍ਰੈੱਸ-ਵੇਅਜ਼ ’ਤੇ ਹੁਣ ਵਾਹਨਾਂ ਦੀ ਰਫ਼ਤਾਰ ਮੌਸਮ ਦੇ ਹਾਲਾਤਾਂ ਅਨੁਸਾਰ ਤੈਅ ਕੀਤੀ ਜਾਵੇਗੀ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਇਸ ਮਾਨਸੂਨ ਦੌਰਾਨ ਚੌਣਵੇਂ ਹਾਈਵੇਅਜ਼ ’ਤੇ ਡਾਇਨਾਮਿਕ ਸਪੀਡ ਲਿਮਿਟ ਪ੍ਰਣਾਲੀ ਲਾਗੂ ਕਰਨ ਜਾ ਰਿਹਾ ਹੈ। ਇਸ ਤਹਿਤ ਮੀਂਹ, ਧੁੰਦ ਜਾਂ ਧੂੜ ਭਰੀ ਹਨੇਰੀ ਦੌਰਾਨ ਵਾਹਨਾਂ ਦੀ ਗਤੀ 60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀਤ ਕੀਤੀ ਜਾ ਸਕੇਗੀ, ਜਦੋਂ ਕਿ ਆਮ ਮੌਸਮ ਵਿਚ ਕੌਮੀ ਸ਼ਾਹ ਮਾਰਗ (ਨੈਸ਼ਨਲ ਹਾਈਵੇਅ) ’ਤੇ 100 ਅਤੇ ਐਕਸਪ੍ਰੈੱਸ-ਵੇਅ ’ਤੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਬਰਕਰਾਰ ਰਹੇਗੀ । ਨਵੀਂ ਪ੍ਰਣਾਲੀ ਤਹਿਤ ਮੌਸਮ ਵਿਚ ਤਬਦੀਲੀਆਂ ਦੀ ਜਾਣਕਾਰੀ ਲਈ ਹਾਈਵੇਅਜ਼ ’ਤੇ ਵਿਜ਼ੀਬਿਲਿਟੀ ਸੈਂਸਰ ਅਤੇ ਵੈਦਰ ਸਟੇਸ਼ਨ ਲਗਾਏ ਜਾ ਰਹੇ ਹਨ। ਇਨ੍ਹਾਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਐਨ.ਐਚ.ਏ.ਆਈ. ਦਾ ਟ੍ਰੈਫਿਕ ਮੈਨੇਜਮੈਂਟ ਸੈਂਟਰ ਡਿਜੀਟਲ ਬੋਰਡਾਂ, ਵਾਹਨਾਂ ਦੀਆਂ ਸਕਰੀਨਾਂ ਅਤੇ ਮੋਬਾਈਲ ਫੋਨਾਂ ਰਾਹੀਂ ਚਾਲਕਾਂ ਨੂੰ ਤੁਰੰਤ ਚੇਤਾਵਨੀ ਸੰਦੇਸ਼ ਭੇਜੇਗਾ। ਨਿਰਧਾਰਤ ਗਤੀ ਸੀਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਸਿੱਧਾ ਈ-ਮੇਲ ਰਾਹੀਂ ਭੇਜਿਆ ਜਾਵੇਗਾ। ਅਧਿਕਾਰੀਆਂ ਅਨੁਸਾਰ ਜਿਓ-ਫੈਂਸਿੰਗ ਅਤੇ ਸੈੱਲ ਬਰਾਡਕਾਸਟ ਤਕਨੀਕ ਦੀ ਮਦਦ ਨਾਲ ਇਸ ਸਬੰਧੀ ਇੰਟਰਨੈੱਟ ਤੋਂ ਬਿਨਾਂ ਵੀ ਮੋਬਾਈਲ ’ਤੇ ਸੁਰੱਖਿਆ ਸੰਦੇਸ਼ ਮਿਲ ਸਕਣਗੇ। ਆਈ.ਆਈ.ਟੀ. ਮਾਹਿਰਾਂ ਦੇ ਅਧਿਅਨ ਅਨੁਸਾਰ ਇਸ ਪ੍ਰਣਾਲੀ ਨਾਲ ਐਕਸਪ੍ਰੈੱਸ-ਵੇਅਜ਼ ’ਤੇ ਹੋਣ ਵਾਲੇ ਹਾਦਸਿਆਂ ਵਿੱਚ 70 ਤੋਂ 80 ਫੀਸਦੀ ਤੱਕ ਕਮੀ ਲਿਆਂਦੀ ਜਾ ਸਕਦੀ ਹੈ। ਪਹਿਲੇ ਪੜਾਅ ਵਿਚ ਇਸ ਨੂੰ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਅਤੇ ਉੱਤਰ ਪ੍ਰਦੇਸ਼ ਦੇ ਗੰਗਾ ਐਕਸਪ੍ਰੈੱਸ-ਵੇਅ ਦੇ ਕੁਝ ਹਿੱਸਿਆਂ ਵਿਚ ਲਾਗੂ ਕੀਤਾ ਜਾਵੇਗਾ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਹਰ ਸਾਲ ਕਰੀਬ 1.5 ਲੱਖ ਲੋਕ ਸੜਕ ਹਾਦਸਿਆਂ ਵਿਚ ਜਾਨ ਗੁਆ ਬੈਠਦੇ ਹਨ, ਜਿਨ੍ਹਾਂ ਵਿਚ ਲਗਭਗ 25 ਹਜ਼ਾਰ ਮੌਤਾਂ ਖਰਾਬ ਮੌਸਮ ਅਤੇ ਘੱਟ ਦਿੱਖ ਕਾਰਨ ਵਾਪਰਨ ਵਾਲੇ ਹਾਦਸਿਆਂ ਨਾਲ ਜੁੜੀਆਂ ਹੁੰਦੀਆਂ ਹਨ।
ਮੌਸਮ ਮੁਤਾਬਕ ਤੈਅ ਹੋਵੇਗੀ ਸ਼ਾਹ ਮਾਰਗਾਂ ਦੀ ਰਫ਼ਤਾਰ, ਨਵੀਂ ਤਕਨੀਕ ਨਾਲ ਸੜਕ ਹਾਦਸੇ ਘਟਾਉਣ ਦੀ ਤਿਆਰੀ
ਅਜੀਤ ਡੈਸਕ
22-06-2026