ਜਿਊਰਿਖ, 21 ਜੂਨ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਦੇ ਤਕਨੀਕੀ ਪਹਿਲੂਆਂ ‘ਤੇ ਗੱਲਬਾਤ ਤੋਂ ਬਹੁਤ ਚੰਗੇ ਨਤੀਜਿਆਂ ਦੀ ਉਮੀਦ ਹੈ। ਚਾਰ ਦੇਸ਼ਾਂ ਦੀ ਇਸ ਗੱਲਬਾਤ ਨੂੰ ਲੇਕ ਲਯੂਸਰਨ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਨ ਸਮੇਂ ਸ਼ਰੀਫ਼ ਨੇ ਗੱਲਬਾਤ ਦੌਰਾਨ ਅਮਰੀਕਾ ਅਤੇ ਈਰਾਨ ਦੋਵੇਂ ਧਿਰਾਂ ਦੇ ਵਾਰਤਾਕਾਰਾਂ ਨਾਲ ਵੱਖ-ਵੱਖ ਤੌਰ ‘ਤੇ ਮੁਲਾਕਾਤ ਕੀਤੀ। ਅਮਰੀਕੀ ਧਿਰ ਦੀ ਅਗਵਾਈ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਕੀਤੀ, ਜਦਕਿ ਈਰਾਨੀ ਵਫ਼ਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ਼ ਨੇ ਕੀਤੀ। ਸ਼ਰੀਫ਼ ਦੇ ਦਫ਼ਤਰ ਵਲੋਂ ਐਕਸ ‘ਤੇ ਪੋਸਟ ਕੀਤੀਆਂ ਤਸਵੀਰਾਂ ‘ਚ ਉਨ੍ਹਾਂ ਨੂੰ ਵੱਖ-ਵੱਖ ਬੈਠਕਾਂ ‘ਚ ਉਨ੍ਹਾਂ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਗਿਆ। ਸ਼ਾਮ ਨੂੰ ਚਾਰ ਦੇਸ਼ਾਂ ਦੀ ਗੱਲਬਾਤ ਸ਼ਰੂ ਹੋਣ ਤੋਂ ਪਹਿਲਾਂ, ਸ਼ਰੀਫ਼ ਨੇ ਵੈਂਸ ਅਤੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਸੀਮ ਅਲ ਥਾਨੀ ਦੀ ਮੌਜੂਦਗੀ ‘ਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਨੇਤਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਕਿਸਤਾਨ ਦੇ ਸੈਨਾ ਮੁਖੀ ਆਸਿਮ ਮੁਨੀਰ ਦੀ ਸ਼ਲਾਘਾ ਕੀਤੀ, ਜੋ ਉਨ੍ਹਾਂ ਨਾਲ ਸਵਿਟਜ਼ਰਲੈਂਡ ਗਏ ਸਨ ਅਤੇ ਵਾਸ਼ਿੰਗਟਨ ਤੇ ਤਹਿਰਾਨ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਤੀਨਿਧੀਮੰਡਲਾਂ ਨਾਲ ਬੈਠਕਾਂ ਦੌਰਾਨ ਉਨ੍ਹਾਂ ਦੇ ਨਾਲ ਦੇਖੇ ਗਏ ਸਨ। ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਥੇ ਸਾਡੀ ਬਹੁਤ ਵਧੀਆ ਗੱਲਬਾਤ ਹੋਵੇਗੀ, ਜਿਸ ਤੋਂ ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਬਹੁਤ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਉਮੀਦ ਹੈ ਕਿ ਜਦੋਂ ਅਸੀਂ ਘਰ ਵਾਪਸ ਮੁੜਾਂਗੇ ਤਾਂ ਸਾਡੇ ਹੱਥਾਂ ‘ਚ ਇਕ ਸ਼ਾਨਦਾਰ ਦਸਤਾਵੇਜ਼ ਹੋਵੇਗਾ ਜੋ ਦੁਨੀਆ ਭਰ ‘ਚ ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਵੇਗਾ। ਸਵਿਟਜ਼ਰਲੈਂਡ ‘ਚ ਹੋ ਰਹੀ ਗੱਲਬਾਤ ਪਿਛਲੇ ਹਫ਼ਤੇ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਲੋਂ ਐਮ. �. ਯੂ. ਦੀਆਂ ਮੁੱਖ ਵਿਵਸਥਾਵਾਂ ਨੂੰ ਲਾਗੂ ਕਰਨ ‘ਤੇ ਕੇਂਦ੍ਰਿਤ ਹਨ, ਜਿਸ ‘ਤੇ ਸ਼ਰੀਫ਼ ਨੇ ਗਾਰੰਟਰ ਦੇ ਤੌਰ ‘ਤੇ ਦਸਤਖ਼ਤ ਕੀਤੇ ਸਨ।
ਅਮਰੀਕਾ-ਈਰਾਨ ਗੱਲਬਾਤ ਸ਼ੁਰੂ ਹੋਣ ’ਤੇ ਸ਼ਾਹਬਾਜ਼ ਸ਼ਰੀਫ਼ ਨੂੰ ਚੰਗੇ ਨਤੀਜਿਆਂ ਦੀ ਉਮੀਦ
ਅਜੀਤ ਡੈਸਕ
22-06-2026