ਅਹਿਮਦਾਬਾਦ, 21 ਜੂਨ (ਏਜੰਸੀ)-1992 ਦੇ ਰਾਧਿਕਾ ਜਿੰਮਖਾਨਾ ਹੱਤਿਆਕਾਂਡ ਜੋ ਗੁਜਰਾਤ ‘ਚ ਏ.ਕੇ.-47 ਅਸਾਲਟ ਰਾਈਫ਼ਲ ਦੀ ਵਰਤੋਂ ਕਰਨ ਵਾਲੀ ਪਹਿਲੀ ਗੈਂਗ ਹਿੰਸਾ ਦੀ ਘਟਨਾ ਸੀ, ਜਿਸ ‘ਚ ਸ਼ਰਾਬ ਤਸਕਰ ਹੰਸਰਾਜ ਤ੍ਰਿਵੇਦੀ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ ਤੇ ਇਸ ਹਮਲੇ ‘ਚ 9 ਲੋਕ ਮਾਰੇ ਗਏ ਸਨ, ਦੇ ਇਕ ਦੋਸ਼ੀ ਨੂੰ 7 ਸਾਲ ਤੱਕ ਭਗੌੜਾ ਰਹਿਣ ਦੇ ਬਾਅਦ ਗੁਜਰਾਤ ਪੁਲਿਸ ਨੇ ਕਾਬੂ ਕਰ ਲਿਆ। ਅਹਿਮਦਾ ਕ੍ਰਾਈਮ ਬਰਾਂਚ ਨੇ ਦੱਸਿਆ ਕਿ ਮੁਹੰਮਦ ਤਸਲੀਮ ਉਰਫ ਮੁਹੰਮਦ ਤਸਲੀਮ ਮੁਹੰਮਦ ਉਮਰ ਸ਼ੇਖ, ਜੋ ਕਿ ਜਿੰਮਖਾਨਾ ਹੱਤਿਆਕਾਂਡ ਤੇ ਸਾਬਕਾ ਸੰਸਦ ਮੈਂਬਰ ਰਾਉਫ ਵਲੀਉਲਾਹ ਦੀ ਹੱਤਿਆ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਸੀ, ਨੂੰ ਰਾਜਸਥਾਨ ‘ਚ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਡਰਵਰਲਡ ਡਾਨ ਅਬਦੁਲ ਲਤੀਫ਼ ਦੇ ਗੈਂਗ ਦਾ ਸਾਬਕਾ ਸ਼ੂਟਰ ਤਸਲੀਮ ਸਾਬਰਮਤੀ ਸੈਂਟਰਲ ਜੇਲ੍ਹ ਤੋਂ ਅਸਥਾਈ ਪੈਰੋਲ ‘ਤੇ ਰਿਹਾਅ ਹੋਣ ਤੋਂ ਬਾਅਦ 2019 ‘ਚ ਫਰਾਰ ਹੋ ਗਿਆ ਸੀ ਤੇ ਉਦੋਂ ਤੋਂ ਉਹ ਆਪਣੀ ਪਛਾਣ ਲੁਕਾ ਦੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰਾਜਸਥਾਨ ‘ਚ ਉਸ ਦੇ ਟਿਕਾਣੇ ਦਾ ਪਤਾ ਲਗਾਇਆ ਤੇ ਇਕ ਤਕਨੀਕੀ ਆਪ੍ਰੇਸ਼ਨ ਦੌਰਾਨ ਉਸ ਨੂੰ ਫੜ ਲਿਆ।
1992 ਦੇ ਰਾਧਿਕਾ ਜਿੰਮਖਾਨਾ ਹੱਤਿਆਕਾਂਡ ਦਾ ਦੋਸ਼ੀ 7 ਸਾਲ ਤੱਕ ਭਗੌੜਾ ਰਹਿਣ ਉਪਰੰਤ ਕਾਬੂ
ਅਜੀਤ ਡੈਸਕ
22-06-2026