ਐੱਸ. ਏ. ਐੱਸ. ਨਗਰ, 21 ਜੂਨ (ਪ੍ਰੋ. ਅਵਤਾਰ ਸਿੰਘ)-ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਉਤਰਾਖੰਡ ਦੇ ਨਗਰਾਸੂ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਵਿਖੇ ਬਣੇ ਤਣਾਅਪੂਰਨ ਹਾਲਾਤਾਂ ’ਤੇ ਭਾਰੀ ਚਿੰਤਾ ਪ੍ਰਗਟ ਕਰਦਿਆਂ ਉਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ’ਚ ਚੇਤਾਵਨੀ ਦਿੱਤੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਕੋਈ ਵੀ ਯਤਨ ਸਿੱਖ ਕੌਮ ਕਦੇ ਵੀ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਹੋਰ ਸਰੋਤਾਂ ਤੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨਾ ਸਿਰਫ਼ ਚਿੰਤਾਜਨਕ ਹਨ, ਸਗੋਂ ਇਹ ਸਿੱਖ ਸੰਗਤਾਂ ਦੇ ਮਨਾਂ ’ਚ ਬੇਚੈਨੀ ਅਤੇ ਸ਼ੰਕਾ ਵੀ ਪੈਦਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਕੇਵਲ ਇਕ ਧਾਰਮਿਕ ਅਸਥਾਨ ਨਹੀਂ, ਸਗੋਂ ਸਿੱਖ ਇਤਿਹਾਸ, ਪਰੰਪਰਾ ਅਤੇ ਸੇਵਾ-ਸਿਮਰਨ ਦੀ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਇਸ ਲਈ ਗੁਰੂ ਘਰ ਦੀ ਮਰਿਆਦਾ, ਲੰਗਰ ਪ੍ਰਥਾ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨਾ ਹਰ ਸਿੱਖ ਦਾ ਫਰਜ਼ ਹੈ। ਬਰਾੜ ਨੇ ਐਲਾਨ ਕੀਤਾ ਕਿ ਮਿਸਲ ਸਤਲੁਜ ਇਸ ਸੰਵੇਦਨਸ਼ੀਲ ਮੌਕੇ ’ਤੇ ਗੁਰੂ ਘਰ ਦੀ ਸੇਵਾ ਅਤੇ ਮਰਿਆਦਾ ਦੀ ਰੱਖਿਆ ਲਈ ਡਟੀਆਂ ਸਮੂਹ ਸਿੱਖ ਸੰਗਤਾਂ ਅਤੇ ਨਿਹੰਗ ਸਿੰਘਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਥਿਤੀ ’ਤੇ ਨਜ਼ਰ ਬਣਾਏ ਰੱਖਣ, ਆਪਸੀ ਏਕਤਾ ਕਾਇਮ ਰੱਖਣ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਚੜ੍ਹਦੀ ਕਲਾ ਦੇ ਸਿਧਾਂਤ ਅਨੁਸਾਰ ਸ਼ਾਂਤਮਈ, ਪਰ ਦ੍ਰਿੜ੍ਹਤਾ ਨਾਲ ਆਪਣੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਤਿਆਰ ਰਹਿਣ।
ਗੁਰੂ ਘਰ ਦੀ ਮਰਿਆਦਾ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਅਜੇਪਾਲ ਸਿੰਘ ਬਰਾੜ
ਅਜੀਤ ਡੈਸਕ
22-06-2026