ਅਮਰਗੜ੍ਹ, 24 ਜੂਨ (ਜਤਿੰਦਰ ਮੰਨਵੀ) - 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਜੋ ਭਰਤੀ ਕਮੇਟੀ ਦੁਆਰਾ ਭਰਤੀ ਕਰਕੇ 11 ਅਗਸਤ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੈਲੀਗੇਟ ਹਾਊਸ ’ਚ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਕੀਤੀ ਗਈ ਸੀ। ਆਦੇਸ਼ ਦੀ ਭਾਵਨਾ ਅਨੁਸਾਰ ਮਤੇ ਪੜ੍ਹੇ ਗਏ ਸਨ ਤੇ ਆਦੇਸ਼ ਦੀ ਮੂਲ ਭਾਵਨਾ ’ਤੇ ਕੰਮ ਕਰਨ ਦਾ ਅਹਿਦ ਵੀ ਕੀਤਾ ਗਿਆ ਸੀ। ਇਸ ਸਬੰਧੀ ਜਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਮੂਲ ਭਾਵਨਾ ਵੱਖੋ-ਵੱਖਰੇ ਚੁੱਲ੍ਹੇ ਸਮੇਟ ਕੇ ਪੰਥਕ ਏਕਤਾ ਕਰਨੀ ਅਤੇ ਨਵੀਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਪੈਦਾ ਕਰਨ ਦੇ ਨਾਲ-ਨਾਲ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨਾ ਸੀ । ਪ੍ਰੰਤੂ ਪਾਰਟੀ ਦੀ ਸਥਾਪਨਾ ਦੇ 10 ਮਹੀਨੇ ਬੀਤ ਜਾਣ ਦੇ ਬਾਅਦ ਵੀ ਭਰਤੀ ਕਰਤਾਵਾਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਨਾ ਅਸੀਂ ਕੋਈ ਪੰਜਾਬ ਜਾਂ ਪੰਥ ਹਿਤੈਸ਼ੀ ਪ੍ਰੋਗਰਾਮ ਦੇ ਸਕੇ ਨਾ ਹੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲੀਡਰਸ਼ਿਪ ਦੇ ਸਕੇ, ਨਾ ਹੀ ਪੰਥਕ ਏਕਤਾ ਵੱਲ ਕੋਈ ਕਦਮ ਵਧਾ ਸਕੇ ਜਿਸ ਦੇ ਨਤੀਜੇ ਵਜੋਂ ਪਾਰਟੀ ਦਾ ਗਰਾਫ ਲੋਕ ਮਨਾਂ ਵਿਚ ਘਟਦਾ ਗਿਆ । ਜਥੇਦਾਰ ਝੂੰਦਾਂ ਅਤੇ ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਹੁਣ ਪੰਥਕ ਏਕਤਾ ਕਰਨ ਦੀ ਬਜਾਏ ਅੰਦਰ ਖਾਤੇ ਪਾਰਟੀ ਲੀਡਰਸ਼ਿਪ ਕੇਵਲ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਭਾਜਪਾ ਨਾਲ ਗੱਠਜੋੜ ਕਰਨ ਦੀ ਕਵਾਇਤ ਸ਼ੁਰੂ ਕਰ ਚੁੱਕੀ ਹੈ ਜਿਸ ਸਬੰਧੀ ਉਨ੍ਹਾਂ ਦੀ ਇੱਕ ਮੀਟਿੰਗ ਵਫਦ ਦੇ ਰੂਪ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਹੋ ਚੁੱਕੀ ਹੈ ਜਿਸ ’ਤੇ ਸਾਡੇ ਸਮੇਤ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਭਾਰੀ ਇਤਰਾਜ ਹੈ । ਰਾਜਨੀਤੀ ਤੇ ਧਰਮ ਦਾ ਕੁੰਡਾ ਰੱਖਣ ਲਈ ਅਸੀਂ ਅੱਜ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦੇ ਹੋਏ ਪੰਥਕ ਏਕਤਾ ਲਈ ਪਹਿਲ ਕਦਮੀ ਕਰਨ ਅਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਪਾਰਟੀ ਨੂੰ ਪੰਥ ਵਿਰੋਧੀ ਰਾਜਸੀ ਧਿਰਾਂ ਦਾ ਹੱਥ ਠੋਕਾ ਬਣਨ ਤੋਂ ਰੋਕਣ।