13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਿੱਖਿਆ ਮੰਤਰੀ ਬੈਂਸ ਦੀ ਗੱਡੀ ਘੇਰਨ ਵਾਲੇ ਦਰਜਨ ਤੋਂ ਵਧੇਰੇ ਬੇਰੁਜ਼ਗਾਰ ਅਧਿਆਪਕਾਂ ਵਿਰੁੱਧ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 05-07-2026
8 ਨੂੰ ਗ੍ਰਿਫ਼ਤਾਰ ਕਰ ਭੇਜਿਆ ਜੇਲ੍ਹ
ਸੰਗਰੂਰ, 4 ਜੁਲਾਈ (ਦਮਨਜੀਤ ਸਿੰਘ)–ਸੰਗਰੂਰ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੱਡੀ ਨੂੰ ਘੇਰਨ ਵਾਲੇ ਈ.ਟੀ.ਟੀ. 5994 ਬੇਰੁਜ਼ਗਾਰ ਬੈਕਲਾਗ ਅਧਿਆਪਕਾਂ ਉਤੇ ਸੰਗਰੂਰ ਪੁਲਿਸ ਵਲੋਂ ਮੁਕੱਦਮਾ ਦਰਜ਼ ਕਰਕੇ 8 ਅਧਿਆਪਕਾਂ ਨੂੰ ਜੇਲ੍ਹ ਭੇਜੇ ਜਾਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸਥਾਨਕ ਡਾਈਟ ਆਡੀਟੋਰੀਅਮ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੰਗਰੂਰ ਪਹੁੰਚੇ ਸਨ ਅਤੇ ਜਦ ਮੰਤਰੀ ਬੈਂਸ ਇਸ ਸਮਾਗਮ ਦੀ ਸਮਾਪਤੀ ਉਪਰੰਤ ਵਾਪਸ ਪਰਤਣ ਲੱਗੇ ਤਾਂ ਦਰਜਨ ਦੇ ਕਰੀਬ ਈ.ਟੀ.ਟੀ. 5994 ਬੇਰੁਜ਼ਗਾਰ ਬੈਕਲਾਗ ਅਧਿਆਪਕਾਂ ਵਲੋਂ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਮੰਤਰੀ ਦੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਨਾਅਰੇਬਾਜ਼ੀ ਕਰਨ ਲੱਗ ਪਏ। ਮੰਤਰੀ ਦੀ ਗੱਡੀ ਨੂੰ ਘੇਰਾ ਪਾਉਣ ਵਾਲੇ ਅਧਿਆਪਕਾਂ ਵਿਚੋਂ 8 ਨੂੰ ਸ਼ਹਿਰੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਆਪਣੇ ਇਨ੍ਹਾਂ ਸਾਥੀਆਂ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਵਾਉਣ ਲਈ ਈ.ਟੀ.ਟੀ. 5994 ਬੇਰੁਜ਼ਗਾਰ ਬੈਕਲਾਗ ਅਧਿਆਪਕਾਂ ਵਲੋਂ ਹੋਰਨਾਂ ਅਧਿਆਪਕ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਸ਼ਹਿਰੀ ਸੰਗਰੂਰ ਅੱਗੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਜੋ ਦੇਰ ਰਾਤ ਤੱਕ ਜਾਰੀ ਰਿਹਾ। ਪੁਲਿਸ ਵਲੋਂ ਇਸ ਮਾਮਲੇ ਵਿਚ ਭਾਵੇਂ ਕੱਲ੍ਹ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਅੱਜ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਨੂੰ ਮੁਕੱਦਮਾ ਦਰਜ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਸ਼ਹਿਰੀ ਪੁਲਿਸ ਵਲੋਂ ਈ.ਟੀ.ਟੀ. 5994 ਬੇਰੁਜ਼ਗਾਰ ਬੈਕਲਾਗ ਅਧਿਆਪਕਾਂ ਵਿਰੁੱਧ ਦਰਜ਼ ਕੀਤੇ ਗਏ ਮੁਕੱਦਮੇ ਵਿਚ ਸੁਖਬੀਰ ਸਿੰਘ ਵਾਸੀ ਭਵਾਨੀਗੜ੍ਹ, ਬਖ਼ਸ਼ੀਸ਼ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ, ਕਰਮ ਸਿੰਘ ਵਾਸੀ ਫ਼ਿਰੋਜ਼ਪੁਰ, ਫ਼ਿਰੋਜ਼ ਖ਼ਾਨ ਵਾਸੀ ਭਵਾਨੀਗੜ੍ਹ, ਅਜੀਤ ਸਿੰਘ ਵਾਸੀ ਮਾਨਸਾ, ਮਨਦੀਪ ਸਿੰਘ ਵਾਸੀ ਚੀਮਾ ਮੰਡੀ, ਰੇਸ਼ਮ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਸਿਮਰਨਜੀਤ ਸਿੰਘ ਵਾਸੀ ਐਸ.ਏ.ਐਸ. ਨਗਰ, ਬਲਵਿੰਦਰ ਸਿੰਘ ਵਾਸੀ ਨਾਭਾ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਸੁੱਖੀ ਵਾਸੀ ਮਾਨਸਾ ਸਮੇਤ ਹੋਰਨਾਂ ਵੀ ਅਣਪਛਾਤਿਆਂ ਉਤੇ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਪੁਲਿਸ ਵਲੋਂ ਦਰਜ਼ ਕੀਤੇ ਗਏ ਮੁਕੱਦਮੇ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੱਡੀ ਘੇਰਨ ਦੀ ਥਾਂ ਇਨ੍ਹਾਂ ਅਧਿਆਪਕਾਂ ਵਲੋਂ ਇੱਕਦਮ ਸੜਕ ਉਤੇ ਆਉਂਦਿਆਂ ਆਮ ਲੋਕਾਂ ਦਾ ਰਾਹ ਰੋਕ ਕੇ ਆਵਾਜਾਈ ਵਿਚ ਵਿਘਨ ਪਾਉਣ ਦੀ ਗੱਲ ਕਹੀ ਗਈ ਹੈ ਅਤੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ਸਮੇਂ ਇਨ੍ਹਾਂ ਵਲੋਂ ਪੁਲਿਸ ਕਰਮਚਾਰੀਆਂ ਨਾਲ ਧੱਕਾ ਮੁੱਕੀ ਕਰਦਿਆਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਥਾਣਾ ਸਿਟੀ ਮੁਖੀ ਇੰਸ: ਗੁਲਾਬ ਸਿੰਘ ਨੇ ਦੱਸਿਆ ਕਿ ਮੁਕੱਦਮੇ ਵਿਚ ਨਾਮਜ਼ਦ ਅਣਪਛਾਤੇ ਵਿਅਕਤੀਆਂ ਦੀ ਵੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਵਿਦੇਸ਼ ਮੰਤਰੀ ਦਾ ਪੋਤਾ ਵਿਦੇਸ਼ੀ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਨਹੀਂ ਦਿੱਤੀ ਜਾਵੇਗੀ-ਕਲੇਰ, ਮਲਕ
Ad Position 24