ਅੰਮ੍ਰਿਤਸਰ, 4 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਪੁਲਿਸ ਨੇ ਦੋ ਵਿਦੇਸ਼ੀ ਔਰਤਾਂ (ਫਰਾਂਸੀਸੀ ਅਤੇ ਵੈਨੇਜ਼ੁਏਲਾ) ਨਾਲ ਸਮੂਹਿਕ ਜਬਰ ਜਨਾਹ, ਅਗਵਾ ਅਤੇ ਜਬਰੀ ਵਸੂਲੀ ਦੇ ਦੋਸ਼ਾਂ ‘ਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਮੁਹੰਮਦ ਇਸਹਾਕ ਡਾਰ ਦੇ ਪੋਤੇ ਮੁਹੰਮਦ ਰਜ਼ਾ ਡਾਰ ਨੂੰ ਹਸਨ ਰਜ਼ਾ, ਸਿਕੰਦਰ ਖ਼ਾਨ ਅਤੇ ਸਾਜਿਦ ਅਲੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਲਾਹੌਰ ਦੀ ਇਕ ਅਦਾਲਤ ‘ਚ ਪੇਸ਼ ਕੀਤੇ ਜਾਣ ਤੋਂ ਬਾਅਦ ਚਾਰਾਂ ਮੁਲਜ਼ਮਾਂ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ, ਜਦੋਂਕਿ ਪੰਜਵਾਂ ਅਜੇ ਵੀ ਫ਼ਰਾਰ ਹੈ।ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਉਪ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਨਾਂਅ ਸਾਹਮਣੇ ਆਉਣ ਕਰਕੇ ਜਾਂਚ ਬਹੁਤ ਸਾਵਧਾਨੀ ਨਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਸੈਨੇਟਰ ਫ਼ੈਸਲ ਵਾਵਦਾ ਨੇ ਕਿਹਾ ਹੈ ਕਿ ਰਜ਼ਾ ਡਾਰ ਵਿਰੁੱਧ ਸ਼ਰਮਨਾਕ ਦੋਸ਼ਾਂ ਤੋਂ ਬਾਅਦ ਕੋਈ ਵੀ ਮੰਤਰੀ ਜਾਂ ਐੱਮ. ਐੱਨ. ਏ. ਵਿਦੇਸ਼ ਮੰਤਰੀ ਡਾਰ ਦੇ ਨਾਲ ਪਾਕਿ ਦੇ ਝੰਡੇ ਹੇਠ ਨਹੀਂ ਖੜ੍ਹਾ ਹੋ ਸਕਦਾ। ਉਨ੍ਹਾਂ ਨੇ ਇਸਹਾਕ ਡਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਸ਼ੱਕੀ ਨੂੰ ਵਿਦੇਸ਼ੀ ਦੂਤਾਵਾਸ ਦੇ ਦਖ਼ਲ ਤੋਂ ਬਾਅਦ ਹੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਰਕਾਰ ਲਗਾਤਾਰ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ।ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਵਿਦੇਸ਼ੀ ਔਰਤਾਂ ਅਕਤੂਬਰ 2025 ‘ਚ ਸਿੰਗਾਪੁਰ ਵਿਚ ਵਿਦੇਸ਼ ਮੰਤਰੀ ਦੇ ਰਿਸ਼ਤੇਦਾਰ ਮੁਹੰਮਦ ਰਜ਼ਾ ਡਾਰ ਨੂੰ ਮਿਲੀਆਂ ਸਨ। ਰਜ਼ਾ ਡਾਰ ਨੇ ਉਨ੍ਹਾਂ ਨੂੰ ਪਾਕਿ ਬੁਲਾਇਆ ਅਤੇ ਉਨ੍ਹਾਂ ਲਈ ਵਪਾਰਕ ਵੀਜ਼ਾ ਦਾ ਪ੍ਰਬੰਧ ਕੀਤਾ। ਇਹ ਔਰਤਾਂ 29 ਜੂਨ ਨੂੰ ਲਾਹੌਰ ਪਹੁੰਚੀਆਂ, ਜਿਥੇ ਉਨ੍ਹਾਂ ਦੇ ਅਨੁਸਾਰ ਹਵਾਈ ਅੱਡੇ ਤੋਂ ਨਿਕਲਣ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਇਕ ਘਰ ‘ਚ ਲਿਜਾਇਆ ਗਿਆ ਅਤੇ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਕੀਤਾ। ਪੀੜਤਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਨ੍ਹਾਂ ਦੀ ਰਿਹਾਈ ਲਈ ਫਿਰੌਤੀ ਦੀ ਮੰਗ ਕੀਤੀ। ਅਦਾਲਤ ‘ਚ ਪੇਸ਼ੀ ਦੌਰਾਨ ਦੋਵਾਂ ਔਰਤਾਂ ਨੇ ਮੁਹੰਮਦ ਰਜ਼ਾ ਡਾਰ ਨੂੰ ਮੁੱਖ ਮੁਲਜ਼ਮ ਵਜੋਂ ਪਛਾਣਿਆ।