ਭਾਦਸੋਂ-ਦ੍ਰਿੜ ਇਰਾਦਾ ਰੱਖਣ ਵਾਲੇ ਸਖ਼ਤ ਮਿਹਨਤੀ, ਅਸੂਲ-ਪਸੰਦ ਤੇ ਸਮਾਜ ਸੇਵੀ ਕਿਸਾਨ ਬਘੇਲ ਸਿੰਘ ਖਹਿਰਾ ਦਾ ਜਨਮ 27 ਮਾਰਚ, 1957 ਨੂੰ ਹਲਕਾ ਨਾਭਾ ਦੇ ਪਿੰਡ ਜਾਤੀਵਾਲ ਵਿਖੇ ਪਾਕਿਸਤਾਨੋਂ ਆ ਕੇ ਵੱਸੇ ਇਲਾਕੇ ਦੇ ਸਰਦੇ ਪੁੱਜਦੇ ਕਿਸਾਨ ਕਸ਼ਮੀਰਾ ਸਿੰਘ ਖਹਿਰਾ ਦੇ ਘਰ ਮਾਤਾ ਗੁਰਚਰਨ ਕੌਰ ਦੀ ਕੁੱਖੋਂ ਹੋਇਆ । ਪਿੰਡ ਰਾਇਮਲਮਾਜਰੀ ਤੇ ਭਾਦਸੋਂ ਦੇ ਸਕੂਲਾਂ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਨ੍ਹਾਂ 1973 ਤੋਂ 1977 ਤੱਕ ਸਰਕਾਰੀ ਰਿਪੁਦਮਨ ਕਾਲਜ ਨਾਭਾ ਤੋਂ ਉੱਚ ਵਿਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨਗੀ ਅਹੁਦੇ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ। ਪੜ੍ਹਾਈ ਉਪਰੰਤ ਉਨ੍ਹਾਂ ਨਾ ਸਿਰਫ਼ ਜੱਦੀ ਪੁਸ਼ਤੀ ਖੇਤੀਬਾੜੀ ਕਿੱਤੇ ਨੂੰ ਅਪਣਾ ਕੇ ਉਸ ਨੂੰ ਆਧੁਨਿਕ ਰੰਗ ਵਿਚ ਰੰਗਦਿਆਂ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ, ਬਲਕਿ ਨਾਲੋ-ਨਾਲ ਅਨੇਕਾਂ ਕਾਰੋਬਾਰਾਂ ਵਿਚ ਸਫ਼ਲਤਾ ਪ੍ਰਾਪਤ ਕਰਕੇ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਵੱਡੇ ਭਰਾ ਸੁਬੇਗ ਸਿੰਘ ਤੇ ਚਾਰ ਭੈਣਾਂ ’ਚੋਂ ਸਭ ਤੋਂ ਛੋਟੇ ਬਘੇਲ ਸਿੰਘ ਨੇ ਅਪਣੇ ਸਮਾਜਿਕ ਕੱਦ ਨੂੰ ਦਿਨਾਂ ਵਿਚ ਹੀ ਏਨਾ ਵੱਡਾ ਕਰ ਲਿਆ ਸੀ ਕਿ ਨਾਮਵਰ ਖਹਿਰਾ ਪਰਿਵਾਰ ਦੇ ਮੁਖੀ ਵਜੋਂ ਉਨ੍ਹਾਂ ਦੀ ਪਛਾਣ ਬਣੀ। 1990 ਵਿਚ ਸ. ਬਘੇਲ ਸਿੰਘ ਦਾ ਵਿਆਹ ਜ਼ਿਲ੍ਹਾ ਜੀਂਦ ਦੇ ਪਿੰਡ ਰਸੀਦਾਂ ਦੀ ਬੀਬੀ ਰਾਜਵੰਤ ਕੌਰ ਖਹਿਰਾ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਕਾਕਾ ਰਿਪੁਦਮਨ ਸਿੰਘ ਨੇ ਜਨਮ ਲਿਆ। ਆਪ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਉਹ ਬਹੁਤ ਕਰੀਬੀ ਸਾਥੀ ਮੰਨੇ ਜਾਂਦੇ ਸਨ । ਜਿਥੇ ਹਰੇਕ ਸਿਆਸੀ ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ, ਉਥੇ ਅਨੇਕਾਂ ਉੱਚ ਪੁਲਿਸ ਅਧਿਕਾਰੀਆਂ ਨਾਲ ਕਰੀਬੀ ਰਿਸ਼ਤੇਦਾਰੀਆਂ ਤੇ ਦੋਸਤਾਨਾ ਸੰਬੰਧ ਸੀ । ਲੰਮਾ ਸਮਾਂ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਰਹਿੰਦੇ ਹੋਏ ਉਨ੍ਹਾਂ ਨਾ ਸਿਰਫ਼ ਪਿੰਡ ਜਾਤੀਵਾਲ ਦਾ ਸਰਵਪੱਖੀ ਵਿਕਾਸ ਕਰਵਾਇਆ, ਸਗੋਂ ਜਾਤ-ਪਾਤ, ਦਹੇਜ ਪ੍ਰਥਾ ਵਰਗੀਆਂ ਅਲਾਮਤਾਂ ਖ਼ਿਲਾਫ਼ ਆਵਾਜ਼ ਚੁੱਕਦੇ ਹੋਏ ਪੇਂਡੂ ਜੀਵਨ ਨੂੰ ਸ਼ਹਿਰਾਂ ਤੋਂ ਬੇਹਤਰ ਦਿਖਾਉਣ ਲਈ ਹਰ ਹੀਲਾ ਵਸੀਲਾ ਵਰਤਿਆ । ਉਘੇ ਖੇਡ ਪ੍ਰੋਮੋਟਰ ਵਜੋਂ ਦਰਜਨਾਂ ਨਾਮਵਰ ਕਬੱਡੀ ਕੱਪਾਂ ਦੇ ਸਰਪ੍ਰਸਤ ਹੋਣ ਤੋਂ ਇਲਾਵਾ ਉਹ ਇਲਾਕੇ ਦੇ ਹਰੇਕ ਖੇਡ ਮੁਕਾਬਲੇ ਲਈ ਖੁੱਲ੍ਹ ਕੇ ਯੋਗਦਾਨ ਦਿੰਦੇ ਸਨ । ਪਿਛਲੇ ਦਿਨੀਂ ਉਹ ਪੁੱਤਰ ਰਿਪੁਦਮਨ ਸਿੰਘ, ਨੂੰਹ ਜਪਨੀਤ ਕੌਰ, ਪੋਤਰੇ ਜੁਝਾਰ ਸਿੰਘ ਤੇ ਪੋਤਰੀ ਅਸੀਸ ਕੌਰ ਦੇ ਰੂਪ ’ਚ ਭਰੀ ਬਗੀਚੀ ਛੱਡ ਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਬਘੇਲ ਸਿੰਘ ਨਮਿਤ ਅੱਜ ਵਿਸ਼ਵਕਰਮਾ ਭਵਨ ਨਾਭਾ ਵਿਖੇ ਅੰਤਿਮ ਅਰਦਾਸ ਮੌਕੇ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਆਗੂ, ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਪੰਚ-ਸਰਪੰਚ ਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਸ਼ਮੂਲੀਅਤ ਕਰਕੇ ਸਰਧਾ ਦੇ ਫੁੱਲ ਭੇਟ ਕਰਨਗੇ।
–ਗੁਰਬਖਸ਼ ਸਿੰਘ ਵੜੈਚ