ਕੌਮੀ ਤੇ ਰਾਜ ਮਾਰਗਾਂ ਦੀ ਮਾੜੀ ਗੁਣਵੱਤਾ ਕਾਰਨ ਵਾਰ-ਵਾਰ ਬਣ ਰਹੇ ਖੱਡੇ
ਅਜੀਤ ਡੈਸਕ
05-07-2026
ਬਠਿੰਡਾ, 4 ਜੁਲਾਈ (ਵੀਰਪਾਲ ਸਿੰਘ)-ਦੇਸ਼ ਦੇ ਕੌਮੀ ਅਤੇ ਰਾਜ ਮਾਰਗਾਂ ਦੇ ਟੁੱਟਣ ਨਾਲ ਵਾਰ-ਵਾਰ ਬਣ ਰਹੇ ਖੱਡੇ ਲੋਕਾਂ ਲਈ ਜਾਨ ਦਾ ਖ਼ੌਫ਼ ਬਣ ਰਹੇ ਹਨ। ਦੂਜੇ ਪਾਸੇ, ਇਨ੍ਹਾਂ ਸੜਕੀ ਖੱਡਿਆਂ ਦੀ ਮੁਰੰਮਤ ਕਰਨ ਲਈ ਮਿਲਣ ਵਾਲੇ ਟੈਂਡਰਾਂ ਰਾਹੀਂ ਕੇਂਦਰ ਅਤੇ ਰਾਜ ਸਰਕਾਰ ਨਾਲ ਸੰਬੰਧਿਤ ਲੀਡਰ ਅਤੇ ਠੇਕੇਦਾਰਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੇ ਹਨ। ਦੇਸ਼ ਦੀਆਂ ਸੜਕਾਂ ਦੀ ਮਾੜੀ ਗੁਣਵੱਤਾ ਕਾਰਨ ਦੇਸ਼ ਭਰ ਦੀਆਂ ਸੜਕਾਂ ਥੋੜ੍ਹੇ ਜਿਹੇ ਮੀਂਹ ਪੈਣ ਤੋਂ ਬਾਅਦ ਲੀਰੋ-ਲੀਰ ਹੋ ਜਾਂਦੀਆਂ ਹਨ। ਦੇਸ਼ ਭਰ ‘ਚ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਾਲਾਨਾ ਇਨ੍ਹਾਂ ਸੜਕਾਂ ਦੇ ਖੱਡਿਆਂ ਦੀ ਮੁਰੰਮਤ ਕਰਨ ਲਈ 1 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ। ਇਨ੍ਹਾਂ ਖੱਡਿਆਂ ਦੀ ਮੁਰੰਮਤ ਕਰਵਾਉਣ ਲਈ ਮਿਲਣ ਵਾਲੇ ਟੈਂਡਰਾਂ ਦੇ ਪੈਸਿਆਂ ਨਾਲ ਸੰਬੰਧਿਤ ਮੰਤਰਾਲੇ, ਵਿਭਾਗੀ ਅਧਿਕਾਰੀਆਂ ਅਤੇ ਠੇਕੇਦਾਰ ਮਾਲੋਮਾਲ ਹੋ ਰਹੇ ਹਨ। ਇਨ੍ਹਾਂ ਲੋਕਾਂ ਲਈ ਸੜਕਾਂ ਦਾ ਵਾਰ-ਵਾਰ ਟੁੱਟਣਾ ਪੈਸਾ ਕਮਾਉਣ ਦਾ ਜਰੀਆ ਬਣਿਆ ਹੋਇਆ ਹੈ। ਸਰਕਾਰਾਂ ਵਲੋਂ ਸੜਕਾਂ ਦੇ ਖੱਡਿਆਂ ਦੀ ਮੁਰੰਮਤ ਲਈ ਖਰਚ ਕੀਤੇ ਜਾਂਦੇ ਪੈਸਿਆਂ ਵਿਚੋਂ ਕਮਿਸ਼ਨ ਦੇ ਰੂਪ ਵਿਚ ਕਈ ਸੰਬੰਧਿਤ ਲੋਕ ਮੋਟਾ ਚੂਨਾ ਲਗਾ ਕੇ ਮਾਲੋਮਾਲ ਹੋ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਦੇ ਖੱਡਿਆਂ ਦੀ ਮੁਰੰਮਤ ਲਈ ਸਾਲ 2020 ਤੋਂ 2021 ਤੱਕ 873 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ ਸਾਲ 2025 ਵਿਚ ਇਹ ਖਰਚਾ ਦੁੱਗਣਾ ਹੋ ਗਿਆ। ਚਾਲੂ ਸਾਲ ਵਿਚ ਦਿੱਲੀ ਦੀਆਂ ਸੜਕਾਂ ਦੀ ਮੁਰੰਮਤ ਲਈ ਦਿੱਲੀ ਦੀ ਭਾਜਪਾ ਸਰਕਾਰ ਵਲੋਂ 1000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਮੁੰਬਈ ਦੀਆਂ ਸੜਕਾਂ ‘ਤੇ ਪਏ ਖੱਡਿਆਂ ਦੀ ਮੁਰੰਮਤ ਲਈ ਸਾਲ 1998 ਤੋਂ ਸਾਲ 2022 ਤੱਕ 21,000 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਸਾਲ 2024 ਦੌਰਾਨ 150 ਕਰੋੜ ਅਤੇ ਸਾਲ 2025 ਵਿਚ 155 ਕਰੋੜ ਰੁਪਏ ਮੁੰਬਈ ਦੀਆਂ ਸੜਕਾਂ ਦੇ ਖੱਡਿਆਂ ਨੂੰ ਪੂਰਨ ਲਈ ਖਰਚ ਕੀਤੇ ਜਾ ਚੁੱਕੇ ਹਨ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੀਆਂ ਸੜਕਾਂ ‘ਤੇ ਪਏ ਖੱਡਿਆਂ ਦੀ ਮੁਰੰਮਤ ਲਈ ਸਾਲਾਨਾ ਬਜਟ 800 ਕਰੋੜ ਦੇ ਲਗਭਗ ਹੈ। ਸੜਕਾਂ ਦੀ ਮੁਰੰਮਤ ਲਈ ਮਾੜੀ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕਰਨ ਨਾਲ ਦੇਸ਼ ਦੀਆਂ ਸੜਕਾਂ ਹਰ ਸਾਲ ਮੀਂਹ ਦੇ ਦਿਨਾਂ ਤੋਂ ਟੁੱਟ ਕੇ ਬਣਦੀਆਂ ਰਹਿੰਦੀਆਂ ਹਨ। ਇਹ ਸਿਲਸਿਲਾ ਬਹੁਤੇ ਲੋਥਾਂ ਲਈ ਕਮਾਈ ਦਾ ਪੱਕਾ ਸਾਧਨ ਬਣ ਚੁੱਕਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਸੜਕਾਂ ‘ਤੇ ਬਣੇ ਖੱਡਿਆਂ ਕਾਰਨ ਵਾਪਰਨ ਵਾਲੇ ਸੜਕੀ ਹਾਦਸਿਆਂ ਵਿਚ ਲੰਘੇ 2 ਦਹਾਕਿਆਂ ਵਿਚ 23,000 ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਸਾਲ 2015 ਵਿਚ ਦੇਸ਼ ਭਰ ਦੀਆਂ ਸੜਕਾਂ ‘ਤੇ ਪਏ ਖੱਡਿਆਂ ਕਾਰਨ ਵਾਪਰੇ ਸੜਕੀ ਹਾਦਸਿਆਂ ਵਿਚ 3416 ਲੋਕਾਂ ਦੀਆਂ ਜਾਨਾਂ ਗਈਆਂ ਸਨ। ਇਸੇ ਤਰ੍ਹਾਂ ਸਾਲ 2016 ਵਿਚ 2324, ਸਾਲ 2017 ਵਿਚ 3597, ਸਾਲ 2018 ਵਿਚ 2015, ਸਾਲ 2019 ਵਿਚ 2140, ਸਾਲ 2020 ਵਿਚ 1471, ਸਾਲ 2021 ਵਿਚ 1481, ਸਾਲ 2022 ਵਿਚ 1856, ਸਾਲ 2023 ਵਿਚ 2161, ਸਾਲ 2024 ਵਿਚ 2385 ਲੋਕਾਂ ਦੀਆਂ ਮੌਤਾਂ ਸੜਕਾਂ ਉਪਰ ਪਏ ਖੱਡਿਆਂ ਕਾਰਨ ਵਾਪਰੇ ਸੜਕੀ ਦੁਰਘਟਨਾਵਾਂ ਕਾਰਨ ਹੋ ਚੁੱਕੀਆਂ ਹਨ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਵਾਪਰ ਰਹੇ ਇਨ੍ਹਾਂ ਸੜਕੀ ਦੁਰਘਟਨਾਵਾਂ ਅਤੇ ਮਾੜੀ ਗੁਣਵੱਤਾ ਕਾਰਨ ਵਾਰ-ਵਾਰ ਟੁੱਟ ਰਹੀਆਂ ਸੜਕਾਂ ਦੇ ਮਾਮਲੇ ਤੋਂ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ।