11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੁਰਦੁਆਰਾ ਬੜੂ ਸਾਹਿਬ ਵਿਖੇ ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਉਤਸ਼ਾਹ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 05-07-2026
ਸੰਗਰੂਰ, ਚੀਮਾ ਮੰਡੀ, 4 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਵਰੋਸਾਏ 20ਵੀਂ ਸਦੀ ਦੇ ਧਾਰਮਿਕ ਸਿੱਖ ਵਿਦਵਾਨ, ਬਾਣੀ-ਬਾਣੇ ਦੇ ਧਾਰਨੀ ਅਤੇ ਬੜੂ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਤੇਜਾ ਸਿੰਘ ਦੀ 61ਵੀਂ ਬਰਸੀ ਮੌਕੇ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਬੜੀ ਸ਼ਰਧਾ, ਪ੍ਰੇਮ ਅਤੇ ਰੂਹਾਨੀ ਚੇਤਨਾ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਪੁਰਾਤਨ ਆਰੰਭਕ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਸੰਤ ਬਾਬਾ ਇਕਬਾਲ ਸਿੰਘ) ਅਤੇ ਸੰਤ ਕੁਟੀਆ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ। ਤਿੰਨਾਂ ਦਿਨਾਂ ਦੌਰਾਨ ਸਵੇਰ ਅਤੇ ਸ਼ਾਮ ਦੇ ਧਾਰਮਿਕ ਦੀਵਾਨ ਸਜੇ, ਜਿਨ੍ਹਾਂ ਵਿਚ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਦੂਜੇ ਦਿਨ 101 ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਹ ਸੇਵਾ ਦੇਸ਼-ਵਿਦੇਸ਼ ਦੀਆਂ ਸੰਗਤਾਂ, ਵੱਖ-ਵੱਖ ਸੰਗਤਾਂ ਦੇ ਗਰੁੱਪਾਂ ਅਤੇ ਸ਼ਰਧਾਲੂ ਪਰਿਵਾਰਾਂ ਵਲੋਂ ਸ਼ਰਧਾ ਨਾਲ ਨਿਭਾਈ ਗਈ। ਹਰ ਰੋਜ਼ ਸ਼ਾਮ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਰਹਿਰਾਸ ਸਾਹਿਬ, ਸ਼ਬਦ ਕੀਰਤਨ ਅਤੇ ਆਰਤੀ ਦਾ ਗਾਇਨ ਵੀ ਕੀਤਾ ਗਿਆ। ਸਮਾਗਮ ਦੇ ਅੰਤਿਮ ਦਿਨ ਪੁਰਾਤਨ ਆਰੰਭਕ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਸੰਤ ਬਾਬਾ ਇਕਬਾਲ ਸਿੰਘ) ਅਤੇ ਸੰਤ ਕੁਟੀਆ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਅੰਮ੍ਰਿਤ ਸੰਚਾਰ ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰੇਮੀਆਂ ਨੇ ਅੰਮ੍ਰਿਤ ਛਕ ਕੇ ਗੁਰਸਿੱਖ ਜੀਵਨ ਅਪਣਾਉਣ ਦਾ ਸੁਭਾਗ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਾਈ ਹਰਜੋਤ ਸਿੰਘ ਜਖ਼ਮੀ, ਭਾਈ ਜਗਜੀਤ ਸਿੰਘ ਬਬੀਹਾ, ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ ਅਤੇ ਸੰਤ ਬਾਬਾ ਭੋਲਾ ਸਿੰਘ ਰਤਵਾੜਾ ਸਾਹਿਬ ਵਾਲੇ ਸਮੇਤ ਹੋਰ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੇ ਸਮਾਪਤੀ ਸਮੇਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਤੇਜਾ ਸਿੰਘ ਦਾ ਸਮੁੱਚਾ ਜੀਵਨ ਨਾਮ ਸਿਮਰਨ, ਸੇਵਾ, ਗੁਰਮਤਿ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਰਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਆਧੁਨਿਕ ਸਿੱਖਿਆ ਦੇ ਨਾਲ-ਨਾਲ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਬਹੁਤ ਜ਼ਰੂਰੀ ਹੈ। ਇਸੇ ਮਹਾਨ ਸੋਚ ਨੂੰ ਅੱਗੇ ਵਧਾਉਂਦਿਆਂ ਕਲਗੀਧਰ ਟਰੱਸਟ ਅਧੀਨ ਚੱਲ ਰਹੀਆਂ ਅਕਾਲ ਅਕੈਡਮੀਆਂ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਨਾਮ ਬਾਣੀ ਅਤੇ ਉੱਚੇ ਨੈਤਿਕ ਸੰਸਕਾਰਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਤਿੰਨ ਰੋਜ਼ਾ ਸਮਾਗਮ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਕਲਗੀਧਰ ਟਰੱਸਟ ਵਲੋਂ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਸਮੂਹ ਸੰਗਤਾਂ, ਸੇਵਾਦਾਰਾਂ, ਰਾਗੀ ਢਾਡੀ ਜਥਿਆਂ ਦਾ ਧੰਨਵਾਦ ਗਿਆ।
Ad Position 22
No active advertisement
ਪਿਛਲੀ ਖ਼ਬਰ ਬਰਸਾਤੀ ਡਰੇਨ ਦੀ ਸਫਾਈ ਨਾ ਹੋਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪ੍ਰਸ਼ਾਸਨ ਵਿਰੁੱਧ ਰੋਸ ਵਿਖਾਵਾ ਅਗਲੀ ਖ਼ਬਰ ਵਿਸ਼ਵ ਬਾਜ਼ਾਰ ’ਚ ਬਦਲ ਰਹੀਆਂ ਖਪਤਕਾਰਾਂ ਦੀਆਂ ਪਸੰਦਾਂ ਨਾਲ ਬਾਸਮਤੀ ਦੀ ਗੁਣਵੱਤਾ ਤੇ ਜੀ.ਆਈ. ਟੈਗ ਦੀ ਸੁਰੱਖਿਆ ਬਣੀ ਸਮ...
Ad Position 24