ਫਤਿਆਬਾਦ, 17 ਜੁਲਾਈ (ਹਰਵਿੰਦਰ ਸਿੰਘ ਧੂੰਦਾ)—ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਫਤਿਆਬਾਦ ਦੇ ਮੁੱਖ ਬਾਜ਼ਾਰ ’ਚ ਸਥਿਤ ਖੁਰਾਣਾ ਰੈਡੀਮੇਡ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ ਗਈਆਂ, ਜੋ ਕਿ ਬਾਹਰ ਲੱਗੇ ਸ਼ੀਸ਼ੇ ਵਿਚ ਲੱਗੀਆਂ, ਜਿਸ ਨਾਲ ਦੁਕਾਨ ਦੇ ਅੰਦਰ ਫਿਰ ਰਹੇ ਨੌਕਰ ਵਾਲ-ਵਾਲ ਬਚ ਗਏ, ਜਦੋਂਕਿ ਸ਼ੀਸ਼ਾ ਚੂਰ-ਚੂਰ ਹੋ ਗਿਆ।ਜਾਣਕਾਰੀ ਅਨੁਸਾਰ ਦੁਕਾਨਦਾਰ ਨਵਦੀਪ ਸਿੰਘ ਖੁਰਾਣਾ, ਜੋ ਅੰਮ੍ਰਿਤਸਰ ਗਿਆ ਸੀ, ਦੁਕਾਨ ’ਤੇ ਨਹੀ ਸੀ, ਕਿ 2:30 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਉਨ੍ਹਾਂ ’ਚੋਂ ਇਕ ਨੇ ਪਿਸਤੌਲ ਕੱਢ ਕੇ ਦੁਕਾਨ ਵੱਲ ਦੋ ਗੋਲੀਆਂ ਮਾਰੀਆਂ, ਜੋ ਕਿ ਸ਼ੀਸ਼ੇ ਵਿਚ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ। ਇਸ ਮੌਕੇ ਫਤਿਆਬਾਦ ਦੇ ਚੌਕੀ ਇੰਚਾਰਜ ਪ੍ਰਮਜੀਤ ਸਿੰਘ ਨੇ ਅਮਰਬੀਰ ਸਿੰਘ ਅਤੇ ਅਵਤਾਰ ਸਿੰਘ ਸਮੇਤ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਫਤਿਆਬਾਦ ’ਚ ਇਕ ਕਰਿਆਨੇ ਵਾਲੇ ਦੇ ਸ਼ਟਰ ਵਿਚ ਵੀ ਅਣਪਛਾਤਿਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਖੁਰਾਣਾ ਵਰਲਡ ਵਾਲੇ ਦੀ ਦੁਕਾਨ ਦੇ ਸ਼ਟਰਾਂ ਵਿਚ ਵੀ ਗੋਲੀਆਂ ਮਾਰੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਜਦੋਂ ਤੋਂ ਭਾਪਾ ਮੋਹਣ ਸਿੰਘ ਬਜਾਜ ਦੀ ਦੁਕਾਨ ਦੇ ਸ਼ੀਸ਼ਿਆਂ ਵਿਚ ਗੋਲੀਆਂ ਵੱਜੀਆਂ ਹਨ, ਉਦੋਂ ਤੋਂ ਹੀ ਫਤਿਆਬਾਦ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਭੈਅ ਦਾ ਮਹੌਲ ਪਾਇਆ ਜਾ ਰਿਹਾ ਹੈ। ਚੌਕੀ ਇੰਚਾਰਜ ਪ੍ਰਮਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਹਮਲਾਵਰ ਫੜ ਲਏ ਜਾਣਗੇ।