ਸ਼ਾਹਪੁਰ ਕੰਢੀ, 17 ਜੁਲਾਈ (ਰਣਜੀਤ ਸਿੰਘ)-ਪਹਾੜੀ ਇਲਾਕੇ ਵਿਚ ਮੀਂਹ ਘੱਟ ਪੈਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਦਿਨੋਂ-ਦਿਨ ਘੱਟ ਰਿਹਾ ਹੈ। ਇਸ ਸਮੇਂ ਝੀਲ ਦਾ ਪੱਧਰ 501.90 ਮੀਟਰ ਪਹੁੰਚ ਗਿਆ ਹੈ, ਜਦੋਂਕਿ ਪਿਛਲੇ ਸਾਲ ਇਹ ਪੱਧਰ 505.30 ਮੀਟਰ ਸੀ। ਰਣਜੀਤ ਸਾਗਰ ਡੈਮ ਤੋਂ ਰੋਜ਼ਾਨਾ 75 ਲੱਖ ਤੋਂ 80 ਲੱਖ ਯੂਨਿਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ 9 ਹਜ਼ਾਰ ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਛੱਡਿਆ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਤੋਂ ਉੱਪਰ ਬਣੇ ਚੰਮੇਰਾ ਡੈਮ ਤੋਂ 6761 ਕਿਊਸਿਕ ਪਾਣੀ ਆ ਰਿਹਾ ਹੈ। ਪਾਣੀ ਘੱਟ ਆ ਰਿਹਾ ਹੈ। ਬਿਜਲੀ ਉਤਪਾਦਨ ਕਾਰਨ ਵੱਧ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਦਿਨੋਂ-ਦਿਨ ਝੀਲ ਦਾ ਪੱਧਰ ਘੱਟ ਰਿਹਾ ਹੈ। ਹੇਠਲੇ ਇਲਾਕੇ ਵਿਚ ਸਿੰਚਾਈ ਲਈ ਪਾਣੀ ਦੀ ਮੰਗ ਹੋਣ ਕਾਰਨ ਸ਼ਾਹਪੁਰ ਕੰਢੀ ਡੈਮ ਤੋਂ 12400 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ। ਮਾਧੋਪੁਰ ਹਾਈਡਲ ਤੋਂ ਐਮ.ਬੀ. ਲਿੰਕ ਨਹਿਰ ਨੂੰ 2300 ਕਿਊਸਿਕ, ਯੂ.ਬੀ.ਡੀ.ਸੀ. ਨਹਿਰ ਨੂੰ 9123 ਕਿਊਸਿਕ, ਕਸ਼ਮੀਰ ਕੈਨਾਲ ਨੂੰ 669 ਕਿਊਸਿਕ ਅਤੇ ਇਸਲਾਮਪੁਰ ਨਹਿਰ ਨੂੰ 300 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਰਣਜੀਤ ਡੈਮ ਦੀ ਝੀਲ ਦੀ ਸਮਰੱਥਾ 527.90 ਮੀਟਰ ਹੈ। ਪਾਣੀ ਦਾ ਪੱਧਰ ਘੱਟ ਹੋਣ ਕਾਰਨ ਸਥਿਤੀ ਕੰਟਰੋਲ ਅਧੀਨ ਹੈ।