ਨਵੀਂ ਦਿੱਲੀ,17 ਜੁਲਾਈ (ਜਗਤਾਰ ਸਿੰਘ)-ਪੇਪਰ ਲੀਕ,ਸਿੱਖਿਆ ਵਿਵਸਥਾ ’ਚ ਸੁਧਾਰ ਤੇ ਸਿੱਖਿਆ ਮੰਤਰੀ ਦੇ ਅਸਤੀਫੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਸ਼ੁੱਕਰਵਾਰ ਨੂੰ 28ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਇੱਥੇ ਹੀ ਸਮਾਜਕ ਕਾਰਕੁਨ ਸੋਨਮ ਵਾਂਗਚੁੱਕ ਵੱਲੋਂ ਕੀਤੀ ਜਾ ਰਹੀ ਬੇਮਿਆਦੀ ਭੁੱਖ ਹੜਤਾਲ 20ਵੇਂ ਦਿਨ ਵਿਚ ਦਾਖਲ ਹੋ ਗਈ।ਸੋਨਮ ਵਾਂਗਚੁੱਕ ਦਾ ਭਾਰ ਤਕਰੀਬਨ 9 ਕਿੱਲੋ ਘੱਟ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ । ਇਸੇ ਦੌਰਾਨ ਵਾਂਗਚੁੱਕ ਨੇ 20 ਜੁਲਾਈ ਨੂੰ ਸੰਸਦ ਤਕ ਤਜਵੀਜ਼ਸ਼ੁਦਾ ਸ਼ਾਂਤੀਪੂਰਨ ਮਾਰਚ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਭਾਵੁਕ ਅੰਦਾਜ ਵਿਚ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ 20 ਜੁਲਾਈ ਤੱਕ ਆਪਣੀ ਭੁੱਖ ਹੜਤਾਲ ਨੂੰ ਜਾਰੀ ਰੱਖਣਗੇ ,ਜਿਸ ਨਾਲ ਸੰਸਦ ਮਾਰਚ ਵਿਚ ਸ਼ਾਮਲ ਹੋ ਸਕਣ । ਵਾਂਗਚੁੱਕ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿਚ 20 ਜੁਲਾਈ ਤਕ ਜਿੰਦਾ ਰਹਾਂ ਤਾਕਿ ਸਾਰਿਆਂ ਦੇ ਨਾਲ ਸੰਸਦ ਤਕ ਮਾਰਚ ਕਰ ਸਕਾਂ ਅਤੇ ਜੇਕਰ 20 ਜੁਲਾਈ ਨੂੰ ਸਾਡਾ ਮਾਰਚ ਸਫਲ ਨਾ ਰਿਹਾ ਤਾਂ ਫਿਰ ਮੈਂ ਭੂਤ ਬਣ ਕੇ ਵਾਪਸ ਆਵਾਂਗਾ ।