09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਏ.ਐਨ.ਟੀ.ਐੱਫ. ਫ਼ਿਰੋਜ਼ਪੁਰ ਰੇਂਜ ਵਲੋਂ 12 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਪਾਕਿਸਤਾਨੀ ਹੈਂਡਲਰ ‘ਚਾਚਾ’ ਦੇ ਸੰਪਰਕ ਵਿਚ ਸੀ ਗ੍ਰਿਫ਼ਤਾਰ ਕੀਤਾ ਗਿਆ ਤਸਕਰ

Ad Position 21
No active advertisement
ਅਜੀਤ ਡੈਸਕ 18-07-2026
ਫ਼ਿਰੋਜ਼ਪੁਰ, 17 ਜੁਲਾਈ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਹੱਦ ਪਾਰੋਂ ਹੋ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐੱਫ.) ਫ਼ਿਰੋਜ਼ਪੁਰ ਰੇਂਜ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ ਏ.ਐੱਨ.ਟੀ.ਐੱਫ. ਵਲੋਂ ਥਾਣਾ ਅਮੀਰ ਖ਼ਾਸ ਅਧੀਨ ਪੈਂਦੇ ਪਿੰਡ ਬਾਦਲ ਕੇ ਉਤਾੜ ਦੇ ਵਸਨੀਕ ਜਗਸੀਰ ਸਿੰਘ ਉਰਫ਼ ਲਵੀ ਨੂੰ 12 ਕਿੱਲੋ 110 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਪੁਲਿਸ ਰਿਕਾਰਡ ਅਨੁਸਾਰ ਉਸ ਦਾ ਪਹਿਲਾਂ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਪੀ ਏ.ਐੱਨ.ਟੀ.ਐੱਫ. ਫ਼ਿਰੋਜ਼ਪੁਰ ਰੇਂਜ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਅਤੇ ਏ.ਡੀ.ਜੀ.ਪੀ ਏ.ਐਨ.ਟੀ.ਐੱਫ. ਨੀਲਾਭ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ.ਐਸ.ਪੀ. ਪ੍ਰਿਥੀਪਾਲ ਸਿੰਘ ਅਤੇ ਸਬ-ਇੰਸਪੈਕਟਰ ਹਰਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਹ ਕਾਰਵਾਈ ਅੰਜਾਮ ਦਿੱਤੀ। ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਏ.ਐਨ.ਟੀ.ਐੱਫ. ਮੁਹਾਲੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਜਗਸੀਰ ਸਿੰਘ ਖ਼ੁਦ ਡਰੋਨ ਤੋਂ ਸੁੱਟੀ ਗਈ ਖੇਪ ਨਹੀਂ ਚੁੱਕਦਾ ਸੀ, ਸਗੋਂ ਉਹ ਉਨ੍ਹਾਂ ਕੋਰੀਅਰਾਂ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕਰਦਾ ਸੀ, ਜੋ ਡਰੋਨ ਰਾਹੀਂ ਸੁੱਟੀ ਗਈ ਖੇਪ ਨੂੰ ਪਹਿਲਾਂ ਇਕੱਠਾ ਕਰਦੇ ਸਨ। ਇਸ ਤੋਂ ਬਾਅਦ ਉਹ ਇਸ ਨੂੰ ਅੱਗੇ ਸਪਲਾਈ ਕਰਨ ਦਾ ਕੰਮ ਕਰਦਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਪਿੰਡ ਰਾਓ ਕੇ ਨੇੜੇ ਪਹਿਲਾਂ ਤੋਂ ਨਿਰਧਾਰਿਤ ਸਥਾਨ ਤੋਂ ਹੈਰੋਇਨ ਦੀ ਇਹ ਖੇਪ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਪਾਕਿਸਤਾਨ ਦੇ ਕਸੂਰ ਖੇਤਰ ਨਾਲ ਸੰਬੰਧਿਤ ਚਾਚਾ ਨਾਂਅ ਦਾ ਇਕ ਹੈਂਡਲਰ ਪੂਰੇ ਨੈੱਟਵਰਕ ਨੂੰ ਸੰਚਾਲਿਤ ਕਰ ਰਿਹਾ ਸੀ। ਉਹ ਵਟਸਐਪ ਰਾਹੀਂ ਜੀ.ਪੀ.ਐੱਸ. ਕੋਆਰਡੀਨੇਟਰ ਭੇਜ ਕੇ ਕੋਰੀਅਰਾਂ ਨੂੰ ਨਿਰਧਾਰਿਤ ਸਥਾਨਾਂ ਤੱਕ ਪਹੁੰਚਣ ਦੇ ਨਿਰਦੇਸ਼ ਦਿੰਦਾ ਸੀ। ਬਰਾਮਦ ਕੀਤੀ ਗਈ ਖੇਪ ਨੂੰ ਇਕ ਅਜਿਹੇ ਸਥਾਨਕ ਪ੍ਰਾਪਤਕਰਤਾ ਤੱਕ ਪਹੁੰਚਾਇਆ ਜਾਣਾ ਸੀ, ਜੋ ਆਸਟ੍ਰਰੇਲੀਆਈ ਵਰਚੂਅਲ ਵਟਸਐਪ ਨੰਬਰ ਦੀ ਵਰਤੋਂ ਕਰਕੇ ਆਪਣੀ ਪਛਾਣ ਲੁਕਾ ਰਿਹਾ ਸੀ। ਏ.ਐਨ.ਟੀ.ਐੱਫ. ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਫ਼ੋਨ ਦੀ ਡਿਜੀਟਲ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਜਗਸੀਰ ਸਿੰਘ ਉਰਫ਼ ਲਵੀ ਵਲੋਂ ਪਹਿਲਾਂ ਵੀ ਇਸ ਨੈੱਟਵਰਕ ਰਾਹੀਂ 11 ਜੁਲਾਈ ਨੂੰ ਪੰਜ ਪਿਸਤੌਲ ਅਤੇ 13 ਜੁਲਾਈ ਨੂੰ 5.500 ਕਿੱਲੋ ਹੈਰੋਇਨ ਦੀ ਖੇਪ ਅੱਗੇ ਸਪਲਾਈ ਕੀਤੀ ਗਈ ਸੀ। ਐੱਸ.ਪੀ ਏ.ਐੱਨ.ਟੀ.ਐੱਫ. ਨੇ ਕਿਹਾ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਤਸਕਰਾਂ ਦੀ ਪਛਾਣ ਕਰਕੇ ਜਲਦ ਹੀ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਫਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਹਟਾਉਣ ਸੰਬੰਧੀ ਜਨਹਿੱਤ ਪਟੀਸ਼ਨ ਖਾਰਜ ਅਗਲੀ ਖ਼ਬਰ ਆਜ਼ਮ ਖਾਨ ਦੇ ਡ੍ਰੀਮ ਪ੍ਰਾਜੈਕਟ ਜੌਹਰ ਯੂਨੀਵਰਸਿਟੀ ’ਤੇ ਬੁਲਡੋਜ਼ਰ ਦਾ ਸਾਇਆ ਰਾਮਪੁਰ ਵਿਕਾਸ ਅਥਾਰਿਟੀ ਨੇ ਦਿੱਤਾ 15 ਦਿ...
Ad Position 24