09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਆਜ਼ਮ ਖਾਨ ਦੇ ਡ੍ਰੀਮ ਪ੍ਰਾਜੈਕਟ ਜੌਹਰ ਯੂਨੀਵਰਸਿਟੀ ’ਤੇ ਬੁਲਡੋਜ਼ਰ ਦਾ ਸਾਇਆ ਰਾਮਪੁਰ ਵਿਕਾਸ ਅਥਾਰਿਟੀ ਨੇ ਦਿੱਤਾ 15 ਦਿਨਾਂ ਦਾ ਸਮਾਂ

Ad Position 21
No active advertisement
ਅਜੀਤ ਡੈਸਕ 18-07-2026
ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)- ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ, ਜੋ ਇਸ ਵੇਲੇ ਜੇਲ੍ਹ ’ਚ ਬੰਦ ਹਨ, ਮੁਹੰਮਦ ਆਜ਼ਮ ਖਾਨ ਦੇ ਡ੍ਰੀਮ ਪ੍ਰਾਜੈਕਟ ਜੌਹਰ ਯੂਨੀਵਰਸਿਟੀ ਦੀਆਂ 40 ’ਚੋਂ 38 ਇਮਾਰਤਾਂ ਨੂੰ ਢਾਹੁਣ ਦੇ ਆਦੇਸ਼ ਦਿੱਤੇ ਗਏ ਹਨ। ਰਾਮਪੁਰ ਵਿਕਾਸ ਅਥਾਰਿਟੀ ਵਲੋਂ ਯੂਨੀਵਰਸਿਟੀ ਦੇ ਅਹਾਤੇ ’ਚ ਬਣੀਆਂ 40 ਇਮਾਰਤਾਂ ’ਚੋਂ 38 ਇਮਾਰਤਾਂ ਨੂੰ ਬਿਨਾਂ ਪ੍ਰਵਾਨਿਤ ਨਕਸ਼ੇ ਤਹਿਤ ਕੀਤੀ ਉਸਾਰੀ ਨੂੰ ਗ਼ੈਰ ਕਾਨੂੰਨੀ ਉਸਾਰੀ ਦੱਸਦਿਆਂ ਇਸ ਨੂੰ ਢਾਹੁਣ ਦਾ ਆਦੇਸ਼ ਜਾਰੀ ਕੀਤਾ ਗਿਆ। ਯੂਨੀਵਰਸਿਟੀ ਬਣਾਉਣ ਦੇ ਸਮੇਂ ਰਾਮਪੁਰ ਵਿਕਾਸ ਅਥਾਰਿਟੀ ਦਾ ਗਠਨ ਨਹੀਂ ਹੋਇਆ ਸੀ ਅਤੇ ਉਸ ਵੇਲੇ ਜ਼ਿਲ੍ਹਾ ਪੰਚਾਇਤ ਕਾਰਜ ਖੇਤਰ ਸੀ। 2 ਇਮਾਰਤਾਂ ਬਣਾਉਂਦੇ ਸਮੇਂ ਜ਼ਿਲ੍ਹਾ ਪੰਚਾਇਤ ਤੋਂ ਮਨਜ਼ੂਰੀ ਲਈ ਗਈ ਪਰ ਉਸ ਤੋਂ ਬਾਅਦ ਬਣੀਆਂ 38 ਇਮਾਰਤਾਂ ਲਈ ਮਨਜ਼ੂਰੀ ਨਹੀਂ ਲਈ ਗਈ। ਹੁਣ ਅਥਾਰਿਟੀ ਵਲੋਂ ਇਨ੍ਹਾਂ ਇਮਾਰਤਾਂ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਰਾਮਪੁਰ ਦੇ ਜ਼ਿਲ੍ਹਾ ਅਧਿਕਾਰੀ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਉਨ੍ਹਾਂ ਗ਼ੈਰ ਕਾਨੂੰਨੀ ਨਿਰਮਾਣ ਨਾ ਹਟਾਇਆ ਤਾਂ ਅਥਾਰਿਟੀ ਆਪਣੇ ਪੱਧਰ ’ਤੇ ਢਾਹੁਣ ਦੀ ਕਾਰਵਾਈ ਕਰੇਗੀ। 250 ਏਕੜ ਰਕਬੇ ’ਚ ਫੈਲੀ ਇਸ ਯੂਨੀਵਰਸਿਟੀ ਦੀ ਸਥਾਪਨਾ 18 ਸਤੰਬਰ, 2006 ਨੂੰ ਹੋਈ ਸੀ ਪਰ ਉਸ ਸਮੇਂ ਸਮਾਜਵਾਦੀ ਪਾਰਟੀ ਦੀ ਸੱਤਾ ਖੁੱਸਣ ਤੋਂ ਬਾਅਦ ਇਹ ਪ੍ਰਾਜੈਕਟ ਠੰਢੇ ਬਸਤੇ ’ਚ ਰਿਹਾ। 2012 ’ਚ ਸਮਾਜਵਾਦੀ ਪਾਰਟੀ ਦੀ ਸਰਕਾਰ ਮੁੜ ਸੱਤਾ ’ਚ ਆਉਣ ਤੋਂ ਬਾਅਦ 18 ਸਤੰਬਰ, 2012 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਹਾਲਾਂਕਿ 2017 ਤੋਂ ਬਾਅਦ ਹੀ ਯੂਨੀਵਰਸਿਟੀ ਵਿਵਾਦਾਂ ਦੇ ਘੇਰੇ ਹੇਠ ਹੈ। ਆਜ਼ਮ ਖਾਨ ’ਤੇ ਰਾਮਪੁਰ ’ਚ ਦਰਜ ਤਕਰੀਬਨ 90 ਮਾਮਲਿਆਂ ’ਚੋਂ 30 ਮਾਮਲੇ ਜੌਹਰ ਯੂਨੀਵਰਸਿਟੀ ਨਾਲ ਜੁੜੇ ਹਨ। ਇਸ ’ਤੇ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਇਲਜ਼ਾਮ ਹਨ। ਇਹ ਵੀ ਇਲਜ਼ਾਮ ਹੈ ਕਿ ਯੂਨੀਵਰਸਿਟੀ ਦੇ ਨਾਂਅ ’ਤੇ ਜਿੰਨੀ ਜ਼ਮੀਨ ਲਈ ਗਈ ਹੈ, ਉਨ੍ਹਾਂ ’ਚ ਜ਼ਿਆਦਾਤਰ ਸਰਕਾਰੀ ਜ਼ਮੀਨਾਂ ਸਨ ਅਤੇ ਉਸਾਰੀ ’ਚ ਵੀ ਅੱਧੇ ਤੋਂ ਵੱਧ ਸਰਕਾਰੀ ਪੈਸੇ ਦੀ ਵਰਤੋਂ ਹੋਈ ਹੈ। ਯੂਨੀਵਰਸਿਟੀ ਨੂੰ ਲੈ ਕੇ ਮਨੀ ਲਾਂਡ੍ਰਿੰਗ ਦਾ ਕੇਸ ਵੀ ਦਰਜ ਹੋਇਆ ਅਤੇ ਪ੍ਰਸ਼ਾਸਨ ਤੋਂ ਇਸ ਸੰਬੰਧ ’ਚ ਕਈ ਸਵਾਲ ਪੁੱਛੇ ਗਏ ਅਤੇ ਰਿਕਾਰਡ ਮੰਗੇ ਗਏ। ਮੌਲਾਨਾ ਮੁਹੰਮਦ ਅਲੀ ਜੌਹਰ ’ਤੇ ਬਣੀ ਇਹ ਯੂਨੀਵਰਸਿਟੀ ਤਕਰੀਬਨ 250 ਏਕੜ ਜ਼ਮੀਨ ’ਤੇ ਬਣਾਈ ਗਈ ਹੈ। ਮੌਲਾਨਾ ਮੁਹੰਮਦ ਅਲੀ ਜੌਹਰ ਸੁਤੰਤਰਤਾ ਸੈਨਾਨੀ, ਪੱਤਰਕਾਰ ਅਤੇ ਸਿੱਖਿਅਕ ਸਨ। ਭਾਰਤੀ ਸੁਤੰਤਰਤਾ ਅੰਦੋਲਨ ’ਚ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਹੁਤ ਕਰੀਬੀ ਸਹਿਯੋਗੀ ਵੀ ਰਹੇ ਅਤੇ 1923 ’ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਚੁਣੇ ਗਏ। ਨਾਲ ਹੀ ਉਹ ਖਿਲਾਫ਼ਤ ਅੰਦੋਲਨ ’ਚ ਵੀ ਅਹਿਮ ਚਿਹਰੇ ਸਨ। ਜੌਹਰ ਯੂਨੀਵਰਸਿਟੀ ’ਚ ਇੰਜੀਨੀਅਰਿੰਗ, ਮੈਡੀਕਲ, ਫਾਰਮੇਸੀ, ਲਾਅ, ਬੀ.ਐੱਡ, ਮੈਨੇਜਮੈਂਟ ਅਤੇ ਰਿਸਰਚ ਜਿਹੇ ਕਈ ਵਿਸ਼ਿਆਂ ’ਤੇ ਪੜ੍ਹਾਈ ਕਰਵਾਈ ਜਾਂਦੀ ਹੈ। ਪਹਿਲਾਂ ਇਸ ਯੂਨੀਵਰਸਿਟੀ ’ਚ ਤਕਰੀਬਨ 5 ਹਜ਼ਾਰ ਵਿਦਿਆਰਥੀ ਪੜ੍ਹਦੇ ਸਨ, ਜਿਨ੍ਹਾਂ ਦੀ ਗਿਣਤੀ ਹੌਲੀ-ਹੌਲੀ ਘਟਦੀ ਰਹੀ। ਪਰ ਹਾਲੇ ਵੀ 2026-27 ਲਈ ਨਵੇਂ ਦਾਖ਼ਲੇ ਚਲ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਏ.ਐਨ.ਟੀ.ਐੱਫ. ਫ਼ਿਰੋਜ਼ਪੁਰ ਰੇਂਜ ਵਲੋਂ 12 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਪਾਕਿਸਤਾਨੀ ਹੈਂਡਲਰ ‘ਚਾਚਾ’ ਦੇ ਸੰਪਰਕ ਵਿਚ... ਅਗਲੀ ਖ਼ਬਰ ਈਰਾਨ ’ਚ 7 ਮੌਤਾਂ
Ad Position 24