‘ਹੋਰਮੁਜ਼’ ਤੋਂ ਬਾਅਦ ‘ਬਾਬ ਅਲ-ਮੰਦੇਬ’ ਸਮੁੰਦਰੀ ਮਾਰਗ ਸਾਊਦੀ ਜਹਾਜ਼ਾਂ ਲਈ ਬੰਦ ਹੋਣ ਕਾਰਨ ਭਾਰਤੀ ਵਪਾਰ ਖ਼ਤਰੇ ਵਿਚ
ਅਜੀਤ ਡੈਸਕ
23-07-2026
ਖੰਨਾ, 22 ਜੁਲਾਈ-ਈਰਾਨ-ਸਮਰਥਿਤ ਹੂਤੀ ਵਿਦਰੋਹੀਆਂ ਵਲੋਂ ਲਾਲ ਸਾਗਰ ਵਿਚ ‘ਬਾਬ ਅਲ-ਮੰਦੇਬ’ ਨੂੂੰ ਸਾਊਦੀ ਅਰਬ ਲਈ ਬੰਦ ਕਰਨ ਅਤੇ ਅੰਤਰਰਾਸ਼ਟਰੀ ਸ਼ਿਪਿੰਗ ਕੰਪਨੀਆਂ ਸਾਊਦੀ ਅਰਬ ਤੋਂ ਮਾਲ ਲਿਆਉਣ ਲੈ ਜਾਣ ਵਾਲੇ ਜਹਾਜ਼ਾਂ ਨੂੰ ਕਿਤੇ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਨੇ ਸਮੁੰਦਰੀ ਵਪਾਰ ਖ਼ਾਸ ਕਰ ਭਾਰਤੀ ਵਪਾਰ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਹੋਰਮੁਜ਼ ਜਲਡਮਰੂ ਪਹਿਲਾਂ ਹੀ ਕਈ ਮਹੀਨਿਆਂ ਤੋਂ ਭਾਰੀ ਦਬਾਅ ਹੇਠ ਹੈ।ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਭਾਰਤ ਲਈ ਇਹ ਸਥਿਤੀ ਖ਼ਾਸ ਤੌਰ ’ਤੇ ਚਿੰਤਾਜਨਕ ਹੈ, ਕਿਉਂਕਿ ਸਾਊਦੀ ਅਰਬ ਅਤੇ ਈਰਾਨ ਭਾਰਤੀ ਬਾਸਮਤੀ ਚੌਲਾਂ ਦੇ ਸਭ ਤੋਂ ਵੱਡੇ ਖ਼ਰੀਦਦਾਰ ਹਨ। ਜੇਕਰ ਲਾਲ ਸਾਗਰ ਅਤੇ ਹੋਰਮੁਜ਼ ਜਲਡਮਰੂਮੱਧ ਲੰਬੇ ਸਮੇਂ ਤੱਕ ਪ੍ਰਭਾਵਿਤ ਰਹੇ ਤਾਂ ਭਾਰਤ ਦਾ ਬਾਸਮਤੀ ਚੌਲ ਬਰਾਮਦ, ਬੰਦਰਗਾਹਾਂ ਦਾ ਸੰਚਾਲਨ, ਬਰਾਮਦਕਾਂ ਦੀ ਵਿੱਤੀ ਸਥਿਤੀ ’ਤੇ ਗੰਭੀਰ ਅਸਰ ਪਵੇਗਾ।
ਬਾਬ ਅਲ-ਮੰਦੇਬ : ਵਿਸ਼ਵ ਵਪਾਰ ਦੀ ਜੀਵਨ ਰੇਖਾ : ਬਾਬ ਅਲ-ਮੰਦੇਬ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗਾਂ ਵਿਚੋਂ ਇਕ ਹੈ। ਇਹ ਲਾਲ ਸਾਗਰ ਨੂੰ ਅਦਨ ਦੀ ਖਾੜੀ ਨਾਲ ਜੋੜਦਾ ਹੈ ਅਤੇ ਸਵੇਜ਼ ਨਹਿਰ ਰਾਹੀਂ ਯੂਰਪ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਜਲ ਮਾਰਗ ਵਿਚ ਰੁਕਾਵਟ ਦਾ ਸਿੱਧਾ ਅਸਰ ਵਿਸ਼ਵ ਵਪਾਰ, ਸਮੁੰਦਰੀ ਭਾੜੇ, ਬੀਮਾ ਦਰਾਂ ਅਤੇ ਅੰਤਰਰਾਸ਼ਟਰੀ ਸਪਲਾਈ ਚੇਨ ’ਤੇ ਪਵੇਗਾ। ਭਾਰਤ ਸਮੇਤ ਕਈ ਦੇਸ਼ਾਂ ਲਈ ਇਹ ਰਾਹ ਏਸ਼ੀਆ, ਯੂਰਪ ਅਤੇ ਅਫ਼ਰੀਕਾ ਨੂੰ ਜੋੜਨ ਵਾਲਾ ਹੈ।
ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ਭਾਰੀ ਦਬਾਅ ਹੇਠ : ਹੋਰਮੁਜ਼ ਜਲਡਮਰੂ ਵਿਚ ਜਾਰੀ ਸੰਕਟ ਕਾਰਨ ਈਰਾਨ ਜਾਣ ਵਾਲੇ ਚੌਲ ਅਤੇ ਹੋਰ ਮਾਲ ਵੱਡੀ ਮਾਤਰਾ ਵਿਚ ਗੁਜਰਾਤ ਦੇ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ਤੇ ਫਸਿਆ ਹੋਇਆ ਹੈ। ਜੇਕਰ ਬਾਬ ਅਲ-ਮੰਦੇਬ ਰਾਹੀਂ ਵੀ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਈ ਤਾਂ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਲਈ ਜਾਣ ਵਾਲਾ ਮਾਲ ਵੀ ਇਨ੍ਹਾਂ ਬੰਦਰਗਾਹਾਂ ’ਤੇ ਰੁਕੇਗਾ ਅਤੇ ਸਟੋਰੇਜ ਦਾ ਸੰਕਟ ਗੰਭੀਰ ਹੋਵੇਗਾ। ਅਨੁਮਾਨ ਹਨ ਕਿ ਭਾਰਤੀ ਬਰਾਮਦਕਾਂ ਦਾ 5 ਲੱਖ ਟਨ ਤੋਂ ਵੱਧ ਚੌਲ ਪਹਿਲਾਂ ਹੀ ਇਨ੍ਹਾਂ ਬੰਦਰਗਾਹਾਂ ’ਤੇ ਫਸਿਆ ਹੋਇਆ ਹੈ।ਇਸ ਦਰਮਿਆਨ ਸਾਊਦੀ ਵਿਦੇਸ਼ ਮੰਤਰਾਲੇ ਮੇਜਰ ਜਨਰਲ ਤੁਰਕੀ ਅਲ-ਮਾਲਿਕੀ ਨੇ ਕਿਹਾ ਕਿ ਬਾਬ ਅਲ-ਮੰਦੇਬ ਜਲਡਮਰੂਮੱਧ ਰਾਹੀਂ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਹਰ ਸੁਰੱਖਿਆ ਪ੍ਰਬੰਧ ਕੀਤਾ ਜਾ ਰਿਹਾ ਹੈ।ਸਾਊਦੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ 300 ਤੋਂ ਵੱਧ ਵਪਾਰਕ ਜਹਾਜ਼ ਯਮਨ ਦੇ ਹੋਦੈਦਾਹ, ਸਲੀਫ਼ ਅਤੇ ਰਾਸ ਈਸਾ ਬੰਦਰਗਾਹਾਂ ਤੱਕ ਸਫਲਤਾਪੂਰਵਕ ਪਹੁੰਚੇ ਹਨ।
ਭਾਰਤ ਦੇ ਸਭ ਤੋਂ ਵੱਡੇ ਚੌਲ ਬਾਜ਼ਾਰ ਦੇ ਖ਼ਤਰੇ ਹੇਠ : ਭਾਰਤ ਦੇ ਚੌਲ ਬਰਾਮਦ ਉਦਯੋਗ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸਾਊਦੀ ਅਰਬ ਹਰ ਸਾਲ ਲਗਭਗ 12 ਲੱਖ ਟਨ ਅਤੇ ਈਰਾਨ ਕਰੀਬ 8 ਲੱਖ ਟਨ ਭਾਰਤੀ ਬਾਸਮਤੀ ਚੌਲ ਖ਼ਰੀਦਦਾ ਹੈ। ਇਹ ਭਾਰਤ ਦੇ ਚੌਲ ਬਰਾਮਦ ਦਾ ਵੱਡਾ ਹਿੱਸਾ ਹੈ। ਇਸ ਤੋਂ ਇਲਾਵਾ ਭਾਰਤ ਇਨ੍ਹਾਂ ਦੇਸ਼ਾਂ ਨੂੰ ਮਸਾਲੇ, ਦਾਲਾਂ, ਖਾਣ ਵਾਲੇ ਤੇਲ, ਮੀਟ ਉਤਪਾਦ, ਇੰਜੀਨੀਅਰਿੰਗ ਸਾਮਾਨ, ਆਟੋਮੋਬਾਈਲ ਪਾਰਟਸ ਅਤੇ ਹੋਰ ਕਈ ਵਸਤੂਆਂ ਵੀ ਭੇਜਦਾ ਹੈ।
ਜੇਦਾਹ ਬੰਦਰਗਾਹ ਵੀ ਹੁਣ ਹੋਵੇਗੀ ਬੰਦ?: ਵਧੇ ਸੁਰੱਖਿਆ ਖ਼ਤਰਿਆਂ ਕਾਰਨ ਸਾਊਦੀ ਅਰਬ ਦੀ ਪੂਰਬੀ ਬੰਦਰਗਾਹ ਦਮਾਮ ਕਈ ਮਹੀਨਿਆਂ ਤੋਂ ਦਬਾਅ ਹੇਠ ਹੈ। ਸਾਊਦੀ ਅਰਬ ਦੀ ਦਰਾਮਦ ਅਤੇ ਬਰਾਮਦ ਦਾ ਵੱਡਾ ਹਿੱਸਾ ਜੱਦਾਹ ਬੰਦਰਗਾਹ ਰਾਹੀਂ ਭੇਜਿਆ ਜਾ ਰਿਹਾ ਹੈ। ਬਹਿਰੀਨ ਅਤੇ ਕੁਵੈਤ ਲਈ ਜਾਣ ਵਾਲੀਆਂ ਕਈ ਖੇਪਾਂ ਵੀ ਜੇਦਾਹ ਰਾਹੀਂ ਭੇਜੀਆਂ ਜਾ ਰਹੀਆਂ ਹਨ, ਜੇਕਰ ਬਾਬ ਅਲ-ਮੰਦਬ ਸੰਕਟ ਕਾਰਨ ਲਾਲ ਸਾਗਰ ਵਿਚ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਜੇਦਾਹ ਬੰਦਰਗਾਹ ਰਾਹੀਂ ਸਪਲਾਈ ਚੇਨ ਵੀ ਨਵੀਆਂ ਮੁਸ਼ਕਲਾਂ ਵਿਚ ਫਸੇਗੀ।
ਕੋਵਿਡ ਕਾਲ ਨਾਲੋਂ ਵੀ ਮਹਿੰਗਾ ਹੋਇਆ ਸਮੁੰਦਰੀ ਭਾੜਾ : ਮੌਜੂਦਾ ਸੰਕਟ ਦਾ ਅਸਰ ਸਮੁੰਦਰੀ ਭਾੜਿਆਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਭਾਰਤ ਤੋਂ ਜੱਦਾਹ ਇਕ ਕੰਟੇਨਰ ਭੇਜਣ ਦਾ ਖ਼ਰਚਾ ਲਗਭਗ 500 ਤੋਂ 600 ਯੂ. ਐਸ. ਡਾਲਰ ਸੀ। ਹੁਣ ਇਹ ਵਧ ਕੇ ਲਗਭਗ 5,000 ਡਾਲਰ ਤੱਕ ਪਹੁੰਚ ਗਿਆ ਹੈ। ਦੁਬਈ ਦੀ ਜਬੇਲ ਅਲੀ ਬੰਦਰਗਾਹ ਲਈ ਭਾੜਾ 100-200 ਡਾਲਰ ਸੀ, ਹੁਣ ਕਈ ਰੂਟਾਂ ’ਤੇ 4,000 ਡਾਲਰ ਤੱਕ ਪਹੁੰਚ ਗਿਆ ਹੈ।ਕਈ ਸ਼ਿਪਿੰਗ ਕੰਪਨੀਆਂ ਬੁਕਿੰਗਾਂ ਰੱਦ ਕਰ ਰਹੀਆਂ ਹਨ, ਕੰਟੇਨਰਾਂ ਦੀ ਘਾਟ ਹੈ । ਬਰਾਮਦਕਾਂ ਦਾ ਮੰਨਣਾ ਹੈ ਕਿ ਇਹ ਸਮੁੰਦਰੀ ਸੰਕਟ, ਕੋਵਿਡ-19 ਮਹਾਂਮਾਰੀ ਵੇਲੇ ਦੀ ਸਥਿਤੀ ਨਾਲੋਂ ਵੀ ਗੰਭੀਰ ਹੈ।
ਭਾਰਤੀ ਬਰਾਮਦਕਾਂ ’ਤੇ ਵਧਿਆ ਵਿੱਤੀ ਦਬਾਅ : ਸਮੁੰਦਰੀ ਆਵਾਜਾਈ ਵਿਚ ਰੁਕਾਵਟ ਭਾਰਤੀ ਬਰਾਮਦਕਾਂ ਲਈ ਭਾਰੀ ਵਿੱਤੀ ਦਬਾਅ ਦਾ ਕਾਰਨ ਬਣੀ ਹੈ। ਚੌਲਾਂ ਤੋਂ ਇਲਾਵਾ ਮਸਾਲੇ, ਦਾਲਾਂ, ਖਾਣ ਵਾਲੇ ਤੇਲ, ਇੰਜੀਨੀਅਰਿੰਗ ਉਤਪਾਦ, ਆਟੋਮੋਬਾਈਲ ਪਾਰਟਸ ਅਤੇ ਹੋਰ ਕਈ ਵਸਤੂਆਂ ਦੀ ਕਰੋੜਾਂ ਡਾਲਰ ਮੁੱਲ ਦੀਆਂ ਖੇਪਾਂ ਬੰਦਰਗਾਹਾਂ ਅਤੇ ਗੋਦਾਮਾਂ ਵਿੱਚ ਫਸੀਆਂ ਹੋਈਆਂ ਹਨ।