ਸੰਗਰੂਰ, 25 ਜੁਲਾਈ (ਅਮਨਦੀਪ ਸਿੰਘ ਬਿੱਟਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਾਲੋਨੀ ਦੇ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਨਰੋਲ ਯੂਨੀਅਨ ਪੰਜਾਬ ਵਲੋਂ ਦਿੱਤੇ ਘਿਰਾਓ ਦੇ ਸੱਦੇ ਦੌਰਾਨ ਅੱਜ ਤਿੱਖੀਆਂ ਝੜਪਾਂ ਦੇਖਣ ਨੂੰ ਮਿਲੀਆਂ। ਆਸ਼ਾ ਵਰਕਰਜ਼ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਜਨਰਲ ਸਕੱਤਰ ਸ਼ਿੰਦਰਪਾਲ ਕੌਰ, ਖ਼ਜਾਨਚੀ ਜਸਵੀਰ ਕੌਰ ਭਾਦਸੋ, ਸੀਨੀਅਰ ਮੀਤ ਪ੍ਰਧਾਨ ਦਲਜੀਤ ਕੌਰ ਪਿੰਡ ਚੱਕ ਸਾਹੂ, ਪਵਨਪ੍ਰੀਤ ਕੌਰ ਖੁੱਡੀ ਕਲਾਂ, ਮਨਦੀਪ ਕੌਰ ਮੋਗਾ ਦੀ ਅਗਵਾਈ ਹੇਠ ਰਾਜ ਭਰ ਤੋਂ ਸੰਗਰੂਰ-ਪਟਿਆਲਾ ਬਾਈਪਾਸ ਉਵਰਬਰਿੱਜ ਹੇਠਾਂ ਸਵੇਰੇ ਤੋਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆ, ਜਿਥੇ ਬਾਅਦ ਦੁਪਿਹਰ ਉਹ ਮੁੱਖ ਮੰਤਰੀ ਨਿਵਾਸ ਵੱਲ ਵਧੀਆ। ਮੁੱਖ ਮੰਤਰੀ ਨਿਵਾਸ ਬਾਹਰ ਐਸ.ਪੀ. (ਪੀ.ਬੀ.ਆਈ.) ਨਵਨੀਤ ਸਿੰਘ ਵਿਰਕ, ਐਸ.ਪੀ. (ਡੀ.) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਤਾਇਨਾਤ ਪੁਲਿਸ ਫੋਰਸ ਨੇ ਰੋਕਣ ਦਾ ਯਤਨ ਕੀਤਾ ਤਾਂ ਆਸ਼ਾ ਵਰਕਰਜ ਦੀ ਪੁਲਿਸ ਨਾਲ ਹੱਥੋਪਾਈ ਅਤੇ ਤਿੱਖੀਆਂ ਝੜਪਾ ਦੇਖਣ ਨੂੰ ਮਿਲੀਆ। ਆਸ਼ਾ ਵਰਕਰਜ ਯੂਨੀਅਨ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਜੋ ਆਸ਼ਾ ਵਰਕਰਾਂ ਦੀ ਅਗਵਾਈ ਕਰ ਰਹੇ ਸਨ ਦੀ ਤਕਰੀਬਨ ਘੰਟਾ ਭਰ ਪੁਲਿਸ ਨਾਲ ਧੱਕਾਮੁਕੀ ਹੋਈ। ਆਸ਼ਾ ਵਰਕਰਜ ਅੱਗੇ ਬੈਰੀਕੇਡ ਤੋੜਣ ਦਾ ਯਤਨ ਕਰ ਰਹੀਆਂ ਸਨ ਪਰ ਪੁਲਿਸ ਬਲ ਜਿਸ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ, ਉਨ੍ਹਾਂ ਨੂੰ ਵਾਰ-ਵਾਰ ਪਿਛਾਂਹ ਧੱਕਣ ਵਿਚ ਕਾਮਯਾਬ ਹੁੰਦੀਆਂ ਰਹੀਆਂ। ਐਸ.ਪੀ. ਵਿਰਕ ਅਤੇ ਐਸ.ਪੀ. ਅੱਤਰੀ ਵਾਰ-ਵਾਰ ਆਸ਼ਾ ਵਰਕਰਜ਼ ਨੂੰ ਗੱਲਬਾਤ ਲਈ ਪ੍ਰੇਰਿਤ ਕਰਦੇ ਦਿਖਾਈ ਦਿੱਤੇ ਪਰ ਕਿਰਨਦੀਪ ਕੌਰ ਪੰਜੋਲਾ ਮੁੱਖ ਮੰਤਰੀ ਨਿਵਾਸ ਤੱਕ ਆਸ਼ਾ ਵਰਕਰਾਂ ਦੀ ਜਾਗੋ, ਜਿਸ ਵਿਚ ਤਿੰਨ ਘੜਿਆਂ ਉੱਪਰ ਭਗਵੰਤ ਮਾਨ, ਸਿਹਤ ਮੰਤਰੀ ਬਲਵੀਰ ਸਿੰਘ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਤਸਵੀਰ ਸਨ, ਲਿਜਾਣ ਲਈ ਬਜਿੱਦ ਸਨ। ਅੰਤ ਪੁਲਿਸ ਅਧਿਕਾਰੀਆਂ ਨੇ ਕਿਰਨਦੀਪ ਕੌਰ ਪੰਜੋਲਾ ਨੂੰ ਇਸ ਗੱਲ ਲਈ ਰਾਜੀ ਕਰ ਲਿਆ ਕਿ ਉਹ ਆਪਣੀ ਜਾਗੋਂ ਬੈਰੀਕੇਡ ਤੱਕ ਲਿਜਾ ਸਕਦੀਆਂ ਹਨ। 11 ਆਸ਼ਾ ਵਰਕਰਜ਼ ਕਿਰਨਦੀਪ ਕੌਰ ਪੰਜੋਲਾ ਦੀ ਰਹਿਨੁਮਾਈ ਹੇਠ ਬੈਰੀਕੇਡ ਤੱਕ ਗਈਆਂ ਉਥੇ ਮਟਕੇ ਰੱਖ ਕੇ ਉਨ੍ਹਾਂ ਨੂੰ ਪ੍ਰਸ਼ਾਸਨ ਨੇ 11 ਅਗਸਤ ਦੀ ਚੰਡੀਗੜ੍ਹ ਵਾਲੀ ਮੀਟਿੰਗ ਦਾ ਪੱਤਰ ਸੌਪ ਦਿੱਤਾ ਅਤੇ ਸਵੇਰੇ ਤੋਂ ਚੱਲਦਾ ਇਹ ਪੂਰਾ ਤਣਾਅ ਖਤਮ ਹੋ ਗਿਆ। ਕਿਰਨਦੀਪ ਕੌਰ ਪੰਜੋਲਾ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਨੂੰ ਘੱਟੋਂ ਘੱਟ 24000 ਰੁਪਏ ਤਨਖਾਹ ਅਤੇ ਦਰਜਾ ਚਾਰ ਦਾ ਦਰਜਾ ਦਿੱਤਾ ਜਾਵੇ। ਆਸ਼ਾ ਵਰਕਰਜ਼ ਨੂੰ ਹਰਿਆਣਾ ਪੈਟਰਨ ਦਿੱਤਾ ਜਾਵੇ। ਆਸ਼ਾ ਵਰਕਰਾਂ ਨੂੰ ਸੇਵਾ ਮੁੱਕਤੀ ਉਤੇ ਰਲੀਫ ਫੰਡ ਘੱਟੋਂ-ਘੱਟ 5 ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ। 27 ਅਪ੍ਰੈਲ ਨੂੰ ਆਸ਼ਾ ਵਰਕਰ ਦਿਵਸ ਐਲਾਨ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਮੁੱਖ ਮੰਤਰੀ ਨਿਵਾਸ ਦੇ ਬਾਹਰ ਆਸ਼ਾ ਵਰਕਰਾਂ ਤੇ ਪੁਲਿਸ ਵਿਚਾਲੇ ਟਕਰਾਅ
ਅਜੀਤ ਡੈਸਕ
26-07-2026