16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪੰਜਾਬ ਕਾਂਗਰਸ ’ਚ ਇਕਜੁੱਟਤਾ ਲਈ ਕੋਸ਼ਿਸ਼ਾਂ ਜਾਰੀ ਪਰ ਪਰਨਾਲਾ ਉਥੇ ਦਾ ਉਥੇ

Ad Position 21
repet_subhas-goyals [Copy P29]
ਅਜੀਤ ਡੈਸਕ 26-07-2026

ਹਾਈਕਮਾਨ ਹੋਈ ਸਖ਼ਤ ਪਰ ਨਾ ਖ਼ੁਸ਼ ਧੜੇ ਦੇ ਤੇਵਰ ਵੀ ਹੋਏ ਤਿੱਖੇ
ਹਰਕਵਲਜੀਤ ਸਿੰਘ

ਚੰਡੀਗੜ੍ਹ, 25 ਜੁਲਾਈ-ਪੰਜਾਬ ਕਾਂਗਰਸ ਵਿਚ ਪਾਰਟੀ ਹਾਈਕਮਾਨ ਵਲੋਂ ਵਿਧਾਨ ਸਭਾ ਚੋਣ ਤੋਂ ਪਹਿਲਾਂ ਇਕਜੁੱਟਤਾ ਲਿਆਉਣ ਲਈ ਮਗਰਲੇ ਸਮੇਂ ਦੌਰਾਨ ਭਾਵੇਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਪਰਨਾਲਾ ਉਥੇ ਦਾ ਉਥੇ ਹੀ ਹੈ। ਰਾਹੁਲ ਗਾਧੀ ਅਤੇ ਮਲਿਕਅਰਜੁਨ ਖੜਗੇ ਸਮੇਤ ਪਾਰਟੀ ਹਾਈਕਮਾਨ ਪੰਜਾਬ ਕਾਂਗਰਸ ਦੇ ਆਗੂਆਂ ਤੋਂ ਕਾਫ਼ੀ ਖਫ਼ਾ ਨਜ਼ਰ ਆ ਰਹੀ ਹੈ। ਰਾਹੁਲ ਗਾਧੀ ਹੁਣ ਪੰਜਾਬ ਦੇ ਆਗੂਆਂ ਨੂੰ ਮਿਲਣ ਤੋਂ ਵੀ ਕੁਤਰਾਉਣ ਲੱਗ ਪਏ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਪਾਰਟੀ ਹਾਈਕਮਾਨ ਵਲੋਂ ਕੰਮ ਦਿੱਤਾ ਗਿਆ ਸੀ, ਉਹ ਹੁਣ ਤੱਕ ਉਸ ਸੰਬੰਧੀ ਅਸਫ਼ਲ ਨਜ਼ਰ ਆ ਰਹੇ ਹਨ। ਚੋਣਾਂ ਵਿਚ ਥੋੜ੍ਹਾ ਸਮਾਂ ਰਹਿ ਜਾਣ ਕਾਰਨ ਸੂਬਾ ਯੂਨਿਟ ਵਿਚ ਕਾਟੋ-ਕਲੇਸ ਹਾਈਕਮਾਨ ਲਈ ਵੱਡੀ ਸਿਰਦਰਦੀ ਵੀ ਬਣ ਗਿਆ ਹੈ। ਉੱਚ ਪਾਰਟੀ ਸੂਤਰਾਂ ਅਨੁਸਾਰ ਭੁਪੇਸ਼ ਬਘੇਲ ਵਲੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਲਈ ਉੱਚ ਪੱਧਰੀ ਮੀਟਿੰਗ ਦੌਰਾਨ ਵੀ ਇਕਜੁੱਟਤਾ ਵਾਲੀ ਕੋਈ ਗੱਲ ਨਜ਼ਰ ਨਹੀਂ ਆਈ ਅਤੇ ਚੰਨੀ ਧੜਾ ਰਾਜਾ ਵੜਿੰਗ ਨੂੰ ਪ੍ਰਧਾਨ ਰੱਖਣ ਲਈ ਰਾਜ਼ੀ ਨਹੀਂ ਲੱਗ ਰਿਹਾ ਸੀ। ਮੀਟਿੰਗ ਦੌਰਾਨ ਕੇ.ਸੀ ਵੇਣੂਗੋਪਾਲ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਘੁਰਕੀ ਲਾਈ ਕਿ ਪਾਰਟੀ ਤੁਹਾਨੂੰ ਅਹਿਮ ਸੂਬੇ ਦਾ ਜਨਰਲ ਸਕੱਤਰ ਇੰਚਾਰਜ ਬਣਾਇਆ ਹੈ ਅਤੇ ਤੁਸੀਂ ਫਿਰ ਵੀ ਅਨੁਸ਼ਾਸਨ ਦੀ ਪ੍ਰਵਾਹ ਨਹੀਂ ਕਰ ਰਹੇ। ਉਨ੍ਹਾਂ ਇਕ ਦੋ ਹੋਰ ਸੀਨੀਅਰ ਆਗੂਆਂ ਨੂੰ ਵੀ ਝਾੜਿਆ। ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਚੋਣ ਮੁਹਿੰਮ ਕਮੇਟੀ ਤੋਂ ਅਸਤੀਫ਼ਾ ਦੇਣ ਅਤੇ ਰਾਜਾ ਵੜਿੰਗ ਨੇ ਪਾਰਟੀ ਪ੍ਰਧਾਨ ਤੋਂ ਅਸਤੀਫ਼ਾ ਦੇਣ ਦੀਆਂ ਮੀਟਿੰਗ ਵਿਚ ਧਮਕੀਆਂ ਦਿੱਤੀਆਂ ਪਰ ਸੂਬਾ ਲੀਡਰਸ਼ਿਪ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਹਾਈਕਮਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾ ਬਦਲਣ ਦੇ ਫ਼ੈਸਲੇ ’ਚ ਕੋਈ ਤਬਦੀਲੀ ਨਹੀਂ ਕਰੇਗੀ। ਸੂਚਨਾ ਅਨੁਸਾਰ ਰਾਹੁਲ ਗਾਧੀ ਕੁਝ ਆਗੂਆਂ ਸੰਬੰਧੀ ਗੁਪਤ ਜਾਣਕਾਰੀਆਂ ਕਾਰਨ ਉਨ੍ਹਾਂ ’ਤੇ ਇਸ ਮੌਕੇ ਭਰੋਸਾ ਕਰਨ ਲਈ ਤਿਆਰ ਨਹੀਂ ਹੋ ਰਹੇ। ਪਾਰਟੀ ਸੂਤਰਾਂ ਅਨੁਸਾਰ ਨਾਖ਼ੁਸ਼ ਧੜਾ ਇਸ ਮੌਕੇ ਨਾ ਤਾਂ ਕਿਸੇ ਤਰ੍ਹਾਂ ਦੇ ਸਮਝੌਤੇ ਦੇ ਮੂਡ ਵਿਚ ਹੈ ਅਤੇ ਨਾ ਹੀ ਖੁੱਲ ਕੇ ਬਗ਼ਾਵਤ ਕਰਨਾ ਚਾਹੁੰਦਾ ਹੈ, ਪ੍ਰੰਤੂ ਇਹ ਆਗੂ ਪਾਰਟੀ ਦੇ ਅੰਦਰ ਰਹਿੰਦਿਆਂ ਆਪਣੇ ੲੰਜਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਦਿਲਚਸਪ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਵਲੋਂ ਪੰਜਾਬ ਭਾਜਪਾ ਆਗੂਆਂ ਦੀ ਦਿੱਲੀ ਵਿਖੇ ਲਈ ਮੀਟਿੰਗ ਮੌਕੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਗਈ, ਜੋ ਕਿ ਕਾਂਗਰਸ ਹਾਈਕਮਾਨ ਲਈ ਵੀ ਵੱਡੀ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਸੂਚਨਾ ਅਨੁਸਾਰ ਅਮਿਤ ਸ਼ਾਹ ਨੇ ਸੰਕੇਤ ਦਿੱਤਾ ਕਿ ਆਉਂਦੇ ਦਿਨਾਂ ਦੌਰਾਨ ਪੰਜਾਬ ਤੋਂ ਕਾਂਗਰਸ ਤੇ ਅਕਾਲੀ ਦਲ (ਬ) ਦੇ ਕੁਝ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਨਾਲ ਆ ਸਕਦੇ ਹਨ। ਉਨ੍ਹਾਂ ਕਾਂਗਰਸ ਦੇ ਮੌਜੂਦਾ ਆਗੂ ਸੰਬੰਧੀ ਉਥੇ ਪਈ ਇਕ ਖ਼ਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਵੀ ਇਥੇ ਬੈਠ ਸਕਦੇ ਹਨ। ਰਾਜਸੀ ਹਲ਼ਕਿਆ ਦਾ ਮੰਨਣਾ ਹੈ ਕਿ ਕਾਂਗਰਸ ਜੋ ਹੁਣ ਤੱਕ ਇਹ ਸਮਝ ਰਹੀ ਸੀ ਕਿ ਪੰਜਾਬ ਦਾ ਵੋਟਰ ਆਮ ਨਾਂਹ ਪੱਖੀ ਵੋਟ ਦਿੰਦਾ ਹੈ, ਜਿਸ ਦਾ ਲਾਭ ਕਾਂਗਰਸ ਨੂੰ ਮਿਲੇਗਾ ਪਰ ਜੇ ਪੰਜਾਬ ਕਾਂਗਰਸ ਇਸ ਖ਼ਾਨਾਜੰਗੀ ’ਚੋ ਨਾ ਨਿਕਲ ਸਕੀ ਤਾਂ ਨਾਂਹ ਪੱਖੀ ਵੋਟ ਦਾ ਲਾਭਪਾਤਰੀ ਕੋਈ ਹੋਰ ਵੀ ਬਣ ਸਕਦਾ ਹੈ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਦਾ ਮੁੱਖ ਕਾਰਨ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਪਾਰਟੀ ਅੰਦਰ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਿਲ ਉਮੀਦਵਾਰਾਂ ਵਲੋਂ ਇਕ-ਦੂਜੇ ਨੂੰ ਪਿੱਛੇ ਧੱਕਣ ਤੇ ਕੱਟਣ ਦੀ ਰਣਨੀਤੀ ਪਾਰਟੀ ਦਾ ਵੱਡਾ ਨੁਕਸਾਨ ਕਰ ਰਹੀ ਹੈ। ਚਰਚੇ ਇਹ ਵੀ ਹਨ ਕਿ ਪਾਰਟੀ ਅੰਦਰ ਟਕਰਾਅ ਆਉਂਦੇ ਦਿਨਾਂ ਦੌਰਾਨ ਹੋਰ ਵੱਧ ਸਕਦਾ ਹੈ। ਪਾਰਟੀ ਹਾਈਕਮਾਨ ਵਲੋਂ ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਨਾ ਬਣਾਉਣ ਦਾ ਫ਼ੈਸਲਾ ਕਈ ਸੰਸਦ ਮੈਂਬਰਾਂ ਲਈ ਕਾਫ਼ੀ ਪ੍ਰੇਸ਼ਾਨ ਕਰਨ ਵਾਲਾ ਹੈ। ਪਾਰਟੀ ਹਾਈਕਮਾਨ ਜੋ ਸੂਬੇ ਵਿਚ ਚੋਣਾਂ ਰਾਹੁਲ ਗਾਧੀ ਦੇ ਨਾਂਅ ’ਤੇ ਲੜਨਾ ਚਾਹੁੰਦੀ ਹੈ, ਦਾ ਮੰਨਣਾ ਹੈ ਕਿ ਇਸ ਮੌਕੇ ਰਾਹੁਲ ਗਾਧੀ ਨੌਜਵਾਨ ਵੋਟਰਾਂ ਨੂੰ ਦੇਸ਼ ਭਰ ਵਿਚ ਕਾਫ਼ੀ ਪ੍ਰਭਾਵਿਤ ਕਰ ਰਹੇ ਹਨ ਅਤੇ ਪੰਜਾਬ ਦੇ ਵੋਟਰਾਂ ਵਿਚ ਵੀ 40 ਫ਼ੀਸਦੀ ਨੌਜਵਾਨ ਵੋਟਰ ਹੈ ਪਰ ਪੰਜਾਬੀ ਨੌਜਵਾਨ ਰਾਹੁਲ ਗਾਧੀ ਤੋਂ ਕਿੰਨਾ ਕੁ ਪ੍ਰਭਾਵਿਤ ਹੁੰਦੇ ਹਨ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਪ੍ਰੰਤੂ ਇਹ ਚਰਚਾ ਜ਼ਰੂਰ ਹੈ ਕਿ ਕਾਂਗਰਸ ਇਸ ਵਾਰ ਪਾਰਟੀ ਟਿਕਟਾਂ ਵੰਡਣ ਮੌਕੇ ਨੌਜਵਾਨ ਨੂੰ ਤਰਜੀਹ ਜ਼ਰੂਰ ਦੇਵੇਗੀ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਬੀਬੀਆਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ਰਮਨਾਕ-ਚੰਨੀ ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ’ਤੇ ਲਗਾਏ ਪਾਕਿ ’ਚ ਅੱਤਵਾਦ ਨੂੰ ਸਪਾਂਸਰ ਕਰਨ ਦੇ ਦੋਸ਼
Ad Position 24