ਜਲੰਧਰ, 29 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਪੰਥਕ ਧਿਰਾਂ ਨੂੰ ਇਕ ਵਾਰ ਫਿਰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਸਿੱਖ ਕੌਮ ਅਤੇ ਪੰਜਾਬ ਦੇ ਸਾਹਮਣੇ ਅਨੇਕਾਂ ਤਰ੍ਹਾਂ ਦੀਆਂ ਗੰਭੀਰ ਚੁਣੌਤੀਆਂ ਹਨ, ਜਿਨ੍ਹਾਂ ਦਾ ਟਾਕਰਾ ਇਕਜੁੱਟਤਾ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਇਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਕਰਤਾਰਪੁਰ, ਆਦਮਪੁਰ ਤੇ ਹੋਰਨਾਂ ਸ਼ਹਿਰੀ ਹਲਕਿਆਂ ਦੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਮੌਜੂਦਗੀ ’ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਮੇਸ਼ਾ ਪੰਥਕ ਏਕਤਾ ਦਾ ਮੁੱਦਈ ਰਿਹਾ ਹੈ ਤੇ ਅੱਜ ਵੀ ਪਾਰਟੀ ਵਲੋਂ ਵੱਖ-ਵੱਖ ਧਿਰਾਂ ਨਾਲ ਏਕਤਾ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਪਾਰਟੀ ਛੱਡਣ ਵਾਲੇ ਆਗੂਆਂ ਮਨਪ੍ਰੀਤ ਸਿੰਘ ਇਆਲੀ ਤੇ ਇਕਬਾਲ ਸਿੰਘ ਝੂੰਦਾ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਇਨ੍ਹਾਂ ਆਗੂਆਂ ਨੇ ਕੇਵਲ ਮੇਰੀ ਜਾਂ ਪਾਰਟੀ ਦੀ ਨਹੀਂ ਸਗੋਂ 15 ਲੱਖ ਦੇ ਕਰੀਬ ਉਨ੍ਹਾਂ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ, ਜਿਨ੍ਹਾਂ ਦੀ ਭਰਤੀ ਇਨ੍ਹਾਂ ਵਲੋਂ ਕੀਤੀ ਗਈ ਸੀ।ਸੂਬੇ ਦੀ ‘ਆਪ’ ਸਰਕਾਰ ’ਚ ਪੇਪਰ ਲੀਕ ਹੋਣ ਦੇ ਮਾਮਲੇ ’ਤੇ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਉਨ੍ਹਾਂ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਰਾਜ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਜਨਤਕ ਹੋ ਚੁੱਕੀਆਂ ਹਨ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਗਿਆਨੀ ਹਰਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਅਮਰਜੀਤ ਸਿੰਘ ਕਿਸ਼ਨਪੁਰਾ, ਦਿਹਾਤੀ ਪ੍ਰਧਾਨ ਸੁਖਵੰਤ ਸਿੰਘ ਰੌਲੀ, ਜਗਜੀਤ ਸਿੰਘ ਕੋਹਲੀ, ਮਹਿੰਦਰਪਾਲ ਸਿੰਘ ਬਿਨਾਕਾ, ਜਰਨੈਲ ਸਿੰਘ ਗੜ੍ਹਦੀਵਾਲਾ, ਬੀਬੀ ਹਰਜੀਤ ਕੌਰ ਤਲਵੰਡੀ, ਮੇਜਰ ਸਿੰਘ ਹਰੀਪੁਰ, ਭਗਵੰਤ ਸਿੰਘ ਜਲਾਲਾ, ਜਗਰੂਪ ਸਿੰਘ ਚੋਹਲਾ, ਹਰਦੀਪ ਸਿੰਘ ਡਿੰਪੀ, ਜਸਵਿੰਦਰ ਸਿੰਘ ਡੌਲਫਿਨ, ਜੋਗਿੰਦਰ ਸਿੰਘ ਬਾਹੋਪੁਰ, ਅਵਤਾਰ ਸਿੰਘ ਕਲੇਰ, ਸੁਖਵੰਤ ਸਿੰਘ ਬੱਬੂ, ਸੁਖਵੀਰ ਸਿੰਘ, ਭਗਵੰਤ ਸਿੰਘ ਫਤਿਹਜਲਾਲ, ਗੁਰਵਿੰਦਰ ਸਿੰਘ ਝਬਾਲ, ਗੁਰਜੀਤ ਸਿੰਘ ਸੋਮਾ ਤੇ ਹੋਰ ਆਗੂ ਵੀ ਮੌਜੂਦ ਸਨ।