ਚੰਡੀਗੜ੍ਹ, 29 ਜੁਲਾਈ (ਪ੍ਰੋ. ਅਵਤਾਰ ਸਿੰਘ)-ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਚੰਡੀਗੜ੍ਹ ’ਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਗੁਰਦੁਆਰਾ ਸ੍ਰੀ ਅੰਬ ਸਾਹਿਬ, ਐਸ.ਏ.ਐਸ. ਨਗਰ ਤੋਂ ਸ਼ੁਰੂ ਹੋਏ ਇਸ ਮਾਰਚ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਾਰਟੀ ਆਗੂ, ਵਰਕਰ ਅਤੇ ਸੰਗਤਾਂ ਸ਼ਾਮਿਲ ਹੋਈਆਂ। ਜਦੋਂ ਪ੍ਰਦਰਸ਼ਨਕਾਰੀ ਸੈਕਟਰ-45 ਚੌਕ ਵਿਖੇ ਪੁੱਜੇ ਤਾਂ ਚੰਡੀਗੜ੍ਹ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਦੌਰਾਨ ਤਣਾਅਪੂਰਨ ਸਥਿਤੀ ਬਣ ਗਈ। ਪੁਲਿਸ ਨੇ ਭੀੜ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਪਰ ਪਾਣੀ ਦੀਆਂ ਤੇਜ਼ ਬੁਛਾੜਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵੱਲ ਵਧਣ ’ਚ ਕਾਮਯਾਬ ਰਹੇ। ਰੋਸ ਮਾਰਚ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਅਰਦਾਸ ਕੀਤੀ ਗਈ, ਜਿਸ ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਪੈਦਲ ਮਾਰਚ ਸ਼ੁਰੂ ਹੋਇਆ। ਮਾਰਚ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਾਮਿਲ ਹੋਈ। ਪ੍ਰਦਰਸ਼ਨਕਾਰੀਆਂ ਦੇ ਮੁੱਖ ਮੰਤਰੀ ਨਿਵਾਸ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਰਿਹਾਇਸ਼ ਵੱਲ ਕੂਚ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਦੇ ਆਈ.ਜੀ ਪੁਸ਼ਪਿੰਦਰ ਕੁਮਾਰ ਵੀ ਮੌਕੇ ’ਤੇ ਮੌਜੂਦ ਸਨ।ਰੋਸ ਪ੍ਰਦਰਸ਼ਨ ਉਪਰੰਤ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਿਰੁੱਧ ਦਰਜ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਆਪਣੇ ਸੰਸਦੀ ਫ਼ਰਜ਼ ਨਿਭਾਅ ਸਕਣ।ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਲੋਕਤੰਤਰ ਵਿਚ ਸ਼ਾਂਤਮਈ ਵਿਰੋਧ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਪਰ ਪੁਲਿਸ ਬਲ ਦੀ ਵਰਤੋਂ ਨਾਲ ਸੰਗਤ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਨਿੰਦਣਯੋਗ ਹੈ।ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਬੰਦੀ ਸਿੰਘਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਵਿਚ ਹੋ ਰਹੀ ਦੇਰੀ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਉਤੇ ਲੱਗੀ ਐਨ.ਐਸ.ਏ. ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਣਾ ਸੰਵਿਧਾਨਕ ਉਲੰਘਣਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਉਲਟ ਹੈ।ਫ਼ਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ’ਚ ਭਾਈ ਪਰਮਜੀਤ ਸਿੰਘ ਜੌਹਲ, ਜਸਕਰਨ ਕਾਹਨ ਸਿੰਘ ਵਾਲਾ, ਭਾਈ ਅਮਰਜੀਤ ਸਿੰਘ ਵਨਚਿੜੀ, ਇਕਬਾਲ ਸਿੰਘ ਝੂੰਦਾ, ਹਰਭਜਨ ਸਿੰਘ ਤੁੜ, ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਪ੍ਰੀਤ ਕੌਰ, ਬਾਬੂ ਸਿੰਘ ਬਰਾੜ, ਕਾਬਲ ਸਿੰਘ, ਗਗਨਦੀਪ ਸਿੰਘ ਦੋਰਾਹਾ, ਦਲੇਰ ਸਿੰਘ ਡੋਡ, ਭਾਈ ਰਛਪਾਲ ਸਿੰਘ ਸੋਸ਼ਣ, ਪਿਰਥੀਪਾਲ ਸਿੰਘ, ਬੀਬੀ ਸਤਨਾਮ ਕੌਰ, ਬੀਬੀ ਜਸਮੀਤ ਕੌਰ ਖ਼ਾਲਸਾ, ਐਡਵੋਕੇਟ ਵਰਿੰਦਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ, ਭਾਈ ਜਗਦੀਪ ਸਿੰਘ ਕੰਸਾਲਾ, ਹਰਜਿੰਦਰ ਸਿੰਘ, ਜਗਦੇਵ ਸਿੰਘ ਜੱਗੀ ਚੌਂਦਾ, ਨਰਿੰਦਰ ਸਿੰਘ ਭਿੰਡਰ, ਜਸ਼ਨਦੀਪ ਸਿੰਘ, ਸੰਦੀਪ ਸਿੰਘ ਰੁਪਾਲੋਂ, ਜਸਵਿੰਦਰ ਸਿੰਘ ਡਰੋਲੀ, ਲੱਖਾ ਸਿੰਘ ਸਿਧਾਣਾ, ਭਾਨਾ ਸਿੱਧੂ, ਨਵਜੋਤ ਕੌਰ ਲੰਬੀ, ਜਸਵਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਢਿੱਲੋਂ, ਮਾਤਾ ਬਲਵਿੰਦਰ ਕੌਰ, ਬੀਬੀ ਸੰਦੀਪ ਕੌਰ, ਭਾਈ ਕਾਬਲ ਸਿੰਘ, ਚਾਚਾ ਸੁਖਚੈਨ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਸੁਖਦੇਵ ਸਿੰਘ ਕਾਦੀਆਂ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਜੁਗਰਾਜ ਸਿੰਘ ਉਦੋਨੰਗਲ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਐਡਵੋਕੇਟ ਅਜੇਪਾਲ ਸਿੰਘ ਢਿਲੋਂ, ਐਡਵੋਕੇਟ ਇਮਾਨ ਸਿੰਘ ਖਾਰਾ, ਭਾਈ ਚਮਕੌਰ ਸਿੰਘ ਧੁੰਨ, ਭਾਈ ਇਕਬਾਲ ਸਿੰਘ ਸੰਧੂ, ਭਾਈ ਦਲਜੀਤ ਸਿੰਘ ਜਵੰਦਾ, ਭਾਈ ਜਸਕਰਨ ਸਿੰਘ ਰਿਆੜ, ਭਾਈ ਕਰਨਵੀਰ ਸਿੰਘ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਸਰਤਾਜ ਸਿੰਘ, ਬੀਬੀ ਹਰਪ੍ਰੀਤ ਕੌਰ, ਪ੍ਰੋ. ਸਤਨਾਮ ਕੌਰ, ਬੀਬੀ ਮਨਜੀਤ ਕੌਰ, ਭਾਈ ਰਮਨਦੀਪ ਸਿੰਘ ਮੁੰਡਾਪਿੰਡ, ਨਵਜੋਤ ਕੌਰ ਲੰਬੀ, ਸਰਬਜੀਤ ਸਿੰਘ ਖਾਨਪੁਰ, ਜੁਗਰਾਜ ਸਿੰਘ ਲਾਲਾਨੰਗਲ, ਬਾਬਾ ਬਿਬੇਕ ਸਿੰਘ, ਭਾਈ ਦਯਾ ਸਿੰਘ, ਭਾਈ ਦਵਿੰਦਰ ਸਿੰਘ ਰਣੀਆ, ਭਾਈ ਬਲਦੇਵ ਸਿੰਘ ਮਾਣੂੰਕੇ, ਦਲਜੀਤ ਸਿੰਘ ਮਿਆਦੀਆ, ਭਾਈ ਨਰਿੰਦਰ ਸਿੰਘ ਕਲਸੀ, ਬਾਬਾ ਹਰਪ੍ਰੀਤ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਭਾਈ ਜਸਵਿੰਦਰ ਸਿੰਘ ਕਾਹਨੂੰਵਾਨ, ਭਾਈ ਸੁਖਬੀਰ ਸਿੰਘ ਵਲਟੋਹਾ, ਰਜਿੰਦਰ ਸਿੰਘ ਤਲਵੰਡੀ, ਭਾਈ ਅਮਨਦੀਪ ਸਿੰਘ ਨਾਰਲੀ, ਭਾਈ ਗੁਰਚਰਨ ਸਿੰਘ ਸੰਘਾ, ਭਾਈ ਬਲਵੰਤ ਸਿੰਘ ਸਿਰਸਾ, ਬਲਜੀਤ ਸਿੰਘ ਚਾਟੀਵਿੰਡ, ਬੀਬੀ ਰਾਜਵਿੰਦਰ ਕੌਰ ਘੜਾਮ, ਭਾਈ ਹਰਕਮਲਪ੍ਰੀਤ ਸਿੰਘ, ਭਾਈ ਗੁਰਵਿੰਦਰ ਸਿੰਘ ਝੰਡੇਰ, ਬਾਬਾ ਰਾਜਾ ਰਾਜ ਸਿੰਘ ਜੀ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਸੁਖਰਾਜ ਸਿੰਘ ਸੁਲਤਾਨਵਿੰਡ, ਸਵਰਨ ਸਿੰਘ ਗੋਲਡਨ, ਬਲਦੇਵ ਸਿੰਘ ਜੱਲੂਪੁਰ, ਜਰਮਨਦੀਪ ਸਿੰਘ, ਪ੍ਰਭਜੋਤ ਸਿੰਘ ਗੁਰਦਾਸਪੁਰ ਅਤੇ ਹੋਰ ਵੱਡੀ ਗਿਣਤੀ ਵਿਚ ਪਾਰਟੀ ਆਗੂ ’ਤੇ ਵਰਕਰ ਅਤੇ ਸੰਗਤਾਂ ਹਾਜ਼ਰ ਸਨ।