ਅੱਜ ਤੋਂ 8 ਅਗਸਤ ਤੱਕ ਪੰਜਾਬ ਦੌਰੇ ’ਤੇ ਰਹਿਣਗੇ ਭੁਪੇਸ਼ ਬਘੇਲ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਕਰਨਗੇ ਮੀਟਿੰਗਾਂ
ਅਜੀਤ ਡੈਸਕ
30-07-2026
ਚੰਡੀਗੜ੍ਹ, 29 ਜੁਲਾਈ-ਪੰਜਾਬ ਵਿਧਾਨ ਸਭਾ ਚੋਣਾਂ ਜਿਓਂ-ਜਿਓਂ ਨੇੜੇ ਆ ਰਹੀਆਂ ਹਨ ਤਿਓਂ-ਤਿਓਂ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣਾ ਜਨ ਆਧਾਰ ਮਜ਼ਬੂਤ ਕਰਨ ’ਚ ਲੱਗੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਕਾਂਗਰਸ ਨੇ ਵੀ ਖ਼ਾਨਾਜੰਗੀ ਵਿਚਾਲੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਣ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਪਾਰਟੀ ਪੰਜਾਬ ’ਚ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਲਾਮਬੰਦੀ ਲਈ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਪੰਜਾਬ ਦੌਰੇ ’ਤੇ ਭੇਜਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਭੁਪੇਸ਼ ਬਘੇਲ ਕੱਲ੍ਹ 30 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਦੇ ਦੌਰੇ ’ਤੇ ਰਹਿਣਗੇ, ਜਿਸ ਦੌਰਾਨ ਉਹ ਹਰ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨਾਲ ਅਹਿਮ ਰਣਨੀਤਕ ਮੀਟਿੰਗਾਂ ਕਰਦੇ ਦਿਖਾਈ ਦੇਣਗੇ। ਭੁਪੇਸ਼ ਬਘੇਲ ਵਲੋਂ ਜ਼ਿਲ੍ਹਾ ਅਹੁਦੇਦਾਰਾਂ ਤੇ ਸੀਨੀਅਰ ਵਰਕਰਾਂ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਮੰਥਨ ਕੀਤਾ ਜਾਵੇਗਾ। ਪਾਰਟੀ ਅਨੁਸਾਰ ਭੁਪੇਸ਼ ਬਘੇਲ ਦੇ ਇਸ ਦੌਰੇ ਦੌਰਾਨ ਬੂਥ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸਥਾਰਤ ਰੋਡਮੈਪ ਤਿਆਰ ਕੀਤਾ ਜਾਵੇਗਾ। ਹਰ ਜ਼ਿਲ੍ਹੇ ਦੀ ਰਾਜਨੀਤਿਕ ਤੇ ਜਥੇਬੰਦਕ ਸਥਿਤੀ ਬਾਰੇ ਕਾਂਗਰਸ ਆਗੂਆਂ, ਅਹੁਦੇਦਾਰਾਂ ਤੇ ਵਰਕਰਾਂ ਦੀ ਫੀਡਬੈਕ ਵੀ ਲਈ ਜਾਵੇਗੀ। ਇਸ ਦੇ ਇਲਾਵਾ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦੌਰਾਨ ਜਥੇਬੰਦਕ ਢਾਂਚੇ ਦੇ ਵਿਸਥਾਰ, ਜਨਸੰਪਰਕ ਮੁਹਿੰਮ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਤੇ ਪਾਰਟੀ ਦਾ ਵਿਸ਼ੇਸ਼ ਧਿਆਨ ਕੇਂਦਰਿਤ ਰਹੇਗਾ। ਜ਼ਿਕਰਯੋਗ ਹੈ ਕਿ ਭੁਪੇਸ਼ ਬਘੇਲ ਤੇ ਪੰਜਾਬ ਦੀ ਲੀਡਰਸ਼ਿਪ ਵਲੋਂ ਪੰਜਾਬ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਤੇ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਤੋਂ ਵੀ ਸਮਾਂ ਮੰਗਿਆ ਗਿਆ ਹੈ, ਪਰ ਫ਼ਿਲਹਾਲ ਤਿੰਨੇ ਆਗੂ ਲੋਕ ਸਭਾ ਇਜਲਾਸ ’ਚ ਰੁੱਝੇ ਹੋਏ ਹਨ।
ਕਿਹੜੇ ਜ਼ਿਲ੍ਹਿਆਂ ’ਚ ਭੁਪੇਸ਼ ਬਘੇਲ ਕਰਨਗੇ ਮੀਟਿੰਗਾਂ
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ 30 ਜੁਲਾਈ ਨੂੰ ਚੰਡੀਗੜ੍ਹ ਆਉਣਗੇ, ਜਿਸ ਮਗਰੋਂ 31 ਜੁਲਾਈ ਨੂੰ ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ, 1 ਅਗਸਤ ਨੂੰ ਪਟਿਆਲਾ ਤੇ ਸੰਗਰੂਰ, 2 ਅਗਸਤ ਨੂੰ ਬਰਨਾਲਾ ਤੇ ਮਾਨਸਾ, 3 ਅਗਸਤ ਨੂੰ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ, 4 ਅਗਸਤ ਨੂੰ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ, 5 ਅਗਸਤ ਨੂੰ ਮੋਗਾ ਤੇ ਫ਼ਰੀਦਕੋਟ, 6 ਅਗਸਤ ਨੂੰ ਲੁਧਿਆਣਾ (ਸ਼ਹਿਰੀ ਤੇ ਦਿਹਾਤੀ), 7 ਅਗਸਤ ਨੂੰ ਮਲੇਰਕੋਟਲਾ ਤੇ ਖੰਨਾ ਅਤੇ 8 ਅਗਸਤ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੇ ਰੂਪਨਗਰ ਵਿਖੇ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ।