ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰਾਂ ਵਲੋਂ ਰੋਸ ਰੈਲੀ 16 ਨੂੰ
ਜਲੰਧਰ, 11 ਅਗਸਤ (ਐੱਮ. ਐੱਸ.
ਜਲੰਧਰ, 11 ਅਗਸਤ (ਐੱਮ. ਐੱਸ. ਲੋਹੀਆ)-ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵਲੋਂ ਆਪਣੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ 16 ਅਗਸਤ ਨੂੰ ਸਵੇਰੇ 10 ਵਜੇ ਸੰਗਰੂਰ ਵਿਖੇ ਵਿਸ਼ਾਲ ਰੋਸ ਰੈਲੀ ਕਰਨਗੀਆਂ। ਯੂਨੀਅਨ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਐੱਨ.ਆਰ.ਐੱਚ.ਐੱਮ. ’ਚ ਕੰਟਰੈਕਟ ਅਧਾਰ ’ਤੇ ਸੇਵਾਵਾਂ ਨਿਭਾ ਰਹੀਆਂ ਹੈੱਲਥ ਵਰਕਰਾਂ ਪਿੱਛਲੇ ਲੰਬੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੀਆਂ ਹਨ। ਇਸ ਦੇ ਬਾਵਜੂਦ ਸਰਕਾਰ ਵਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਆਂ ਕੰਟਰੈਕਟ ਹੈਲਥ ਵਰਕਰਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਲਈ ਤੁਰੰਤ ਠੋਸ ਫੈਸਲਾ ਲਿਆ ਜਾਣਾ ਚਾਹੀਦਾ ਹੈ।