ਐਨ.ਆਈ.ਏ. ਵਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਪ੍ਰਭਾਕਰ ਦੀ ਹੱਤਿਆ ਮਾਮਲੇ ’ਚ ਲੋੜੀਂਦਾ ਰਾਜਾਸਾਂਸੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਅਜਨਾਲਾ/ਰਾਜਾਸਾਂਸੀ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਪ੍ਰੈਲ 2024 ਵਿਚ ਨੰਗਲ (ਰੂਪਨਗਰ) ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਇਕ ਮੁਲਜ਼ਮ ਮਨਵੀਰ ਰਾਮ ਉਰਫ਼ ਆਸ਼ੂ ਨੂੰ ਕੌਮੀ ਜਾਂਚ ਏਜੰਸੀ (ਐਨ. ਆਈ.
ਅਜਨਾਲਾ/ਰਾਜਾਸਾਂਸੀ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਪ੍ਰੈਲ 2024 ਵਿਚ ਨੰਗਲ (ਰੂਪਨਗਰ) ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਇਕ ਮੁਲਜ਼ਮ ਮਨਵੀਰ ਰਾਮ ਉਰਫ਼ ਆਸ਼ੂ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਪ੍ਰੈਲ 2024 ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਇਕਾਈ ਨੰਗਲ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਐਨ.ਆਈ.ਏ. ਵਲੋਂ 9 ਮਈ 2024 ਨੂੰ ਆਪਣੇ ਹੱਥ ਵਿਚ ਲੈ ਲਈ ਸੀ। ਐਨ.ਆਈ.ਏ. ਅਨੁਸਾਰ ਵਿਕਾਸ ਪ੍ਰਭਾਕਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਪਾਬੰਦੀ ਸ਼ੁਦਾ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਜਰਮਨੀ ਆਧਾਰਿਤ ਹੈਂਡਲਰਾਂ ਵਲੋਂ ਰਚੀ ਗਈ ਸੀ ਅਤੇ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਮਨਵੀਰ ਰਾਮ ਉਰਫ਼ ਆਸ਼ੂ ਨੂੰ ਵਿਕਾਸ ਪ੍ਰਭਾਕਰ ਦੀ ਹੱਤਿਆ ਲਈ ਵਰਤੇ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਭਰਤੀ ਕੀਤਾ ਗਿਆ ਸੀ ਅਤੇ ਉਹ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੀ। ਮਨਵੀਰ ਰਾਮ ਜਰਮਨੀ ਆਧਾਰਿਤ ਹੈਂਡਲਰਾਂ, ਹਥਿਆਰਾਂ ਦੇ ਸਪਲਾਇਰਾਂ ਅਤੇ ਭਾਰਤ ਵਿਚ ਮੌਜੂਦ ਹੋਰ ਸਾਥੀਆਂ ਵਿਚਕਾਰ ਕੜੀ ਵਜੋਂ ਕੰਮ ਕਰ ਰਿਹਾ ਸੀ। ਮਨਵੀਰ ਰਾਮ ਉਰਫ਼ ਆਸ਼ੂ ਦੁਬਈ ਤੋਂ ਹਵਾਈ ਜਹਾਜ਼ ਰਾਹੀਂ ਰਾਜਾਸਾਂਸੀ ਹਵਾਈ ਅੱਡੇ ’ਤੇ ਪਹੁੰਚਿਆਂ ਸੀ ਤੇ ਐਨ.ਆਈ.ਏ. ਵਲੋਂ ਲੁੱਕ ਆਊਟ ਸਰਕੁਲਰ (ਐੱਲ.ਓ.ਸੀ) ਜਾਰੀ ਹੋਣ ਕਰਕੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਰਾਜਾਸਾਂਸੀ ਹਵਾਈ ਅੱਡੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਜਿਸ ਦੀ ਪੁਸ਼ਟੀ ਥਾਣਾ ਹਵਾਈ ਅੱਡਾ ਦੇ ਐੱਸ. ਐੱਚ.ਓ. ਕੁਲਜੀਤ ਕੌਰ ਵਲੋਂ ਕੀਤੀ ਗਈ ਹੈ। ਇਸ ਤੋਂ ਬਾਅਦ ਐਨ.ਆਈ.ਏ. ਵਲੋਂ ਮਨਵੀਰ ਰਾਮ ਉਰਫ਼ ਆਸ਼ੂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਲਈ ਉਸ ਨੂੰ ਐਨ.ਆਈ.ਏ.. ਵਲੋਂ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।