ਖੰਨਾ ਦੇ ਵਿਅਕਤੀ ਨੂੰ ਸਵਾਈਨ ਫਲੂ
ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਕਿਸਾਨ ਇਨਕਲੇਵ ਦੇ ਰਹਿਣ ਵਾਲੇ ਕਰੀਬ 58 ਸਾਲਾ ਵਿਅਕਤੀ ਦਾ ਸਵਾਈਨ ਫਲੂ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਵਿਚ ਤਰਥੱਲੀ ਮੱਚ ਗਈ ਹੈ। ਇਸ ਦੇ ਚਲਦਿਆਂ ਖੰਨਾ ਦੇ ਐੱਸ.
ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਕਿਸਾਨ ਇਨਕਲੇਵ ਦੇ ਰਹਿਣ ਵਾਲੇ ਕਰੀਬ 58 ਸਾਲਾ ਵਿਅਕਤੀ ਦਾ ਸਵਾਈਨ ਫਲੂ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਵਿਚ ਤਰਥੱਲੀ ਮੱਚ ਗਈ ਹੈ। ਇਸ ਦੇ ਚਲਦਿਆਂ ਖੰਨਾ ਦੇ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਵਿਚ ਸਵਾਈਨ ਫਲੂ ਵਰਗੀ ਘਾਤਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਜ਼ੋਰਦਾਰ ਇੰਤਜ਼ਾਮ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਹ ਵਿਅਕਤੀ ਧਾਰਮਿਕ ਯਾਤਰਾ ‘ਤੇ ਗਿਆ ਸੀ ਤੇ ਬਿਮਾਰ ਹੋਣ ਤੋਂ ਬਾਅਦ ਖੰਨਾ ਦੇ ਇਕ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਇਆ ਪਰ ਸਿਹਤ ‘ਚ ਸੁਧਾਰ ਨਹੀਂ ਹੋਇਆ। ਸਵਾਈਨ ਫਲੂ ਦੇ ਲੱਛਣ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿਥੇ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ। ਡੀ. ਐੱਮ. ਸੀ. ਹਸਪਤਾਲ ਵਲੋਂ ਇਸ ਦੀ ਸੂਚਨਾ ਖੰਨਾ ਸਿਹਤ ਵਿਭਾਗ ਨੂੰ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਨੇ ਮਰੀਜ਼ ਦੇ ਘਰ ਤੇ ਆਸ-ਪਾਸ ਦੇ ਖੇਤਰ ਦਾ ਮੁਆਇਨਾ ਕੀਤਾ ਪਰ ਕਿਸੇ ਹੋਰ ਵਿਅਕਤੀ ‘ਚ ਸਵਾਈਨ ਫਲੂ ਵਰਗੇ ਲੱਛਣ ਦਿਖਾਈ ਨਹੀਂ ਦਿੱਤੇ। ਖੰਨਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਸਿੰਘ ਭਸੀਨ ਨੇ ਦਸਿਆ ਡੀ. ਐੱਮ. ਸੀ. ਲੁਧਿਆਣਾ ਵਲੋਂ ਉਨ੍ਹਾਂ ਨੂੰ ਖੰਨਾ ਵਾਸੀ ਇਕ ਵਿਅਕਤੀ ਦੇ ਸਵਾਈਨ ਫਲੂ ਪਾਜ਼ੀਟਿਵ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਲੂ ਵਰਗੇ ਲੱਛਣ ਦਿੱਖਣ ‘ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਬੁਖ਼ਾਰ, ਖੰਘ, ਗਲੇ ‘ਚ ਖ਼ਰਾਸ਼, ਸਾਹ ਲੈਣ ‘ਚ ਮੁਸ਼ਕਲ ਜਾ ਹੋਰ ਸੰਬੰਧਿਤ ਲੱਛਣ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।