![]()
ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਆਰਚਰ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਵਿਚ ਚੱਲ ਰਹੇ ਸੇਂਟ ਗੈਬਰੀਅਲ ਪ੍ਰਾਇਮਰੀ ਸਕੂਲ ਨੂੰ ਢਾਹ ਕੇ ਉਥੇ ਕਮਰਸ਼ੀਅਲ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਮਾਮਲੇ ਨੂੰ ਲੈ ਉਥੋਂ ਦੇ ਸਿੱਖ, ਈਸਾਈ, ਹਿੰਦੂ ਅਤੇ ਸਥਾਨਕ ਮੁਸਲਿਮ ਸਮਾਜਿਕ ਕਾਰਕੁਨਾਂ ’ਚ ਰੋਸ ਵੱਧਦਾ ਜਾ ਰਿਹਾ ਹੈ। ਬਲੋਚਿਸਤਾਨ ਦੇ ਸਿੱਖ ਆਗੂ ਜਸਬੀਰ ਸਿੰਘ ਅਤੇ ਹੋਰਨਾ ਨੇ ਦੱਸਿਆ ਕਿ ਜ਼ਮੀਨਦੋਜ਼ ਕੀਤੀ ਗਈ ਇਮਾਰਤ 1930 ਦੇ ਦਹਾਕੇ ਦੀ ਸ਼ੁਰੂਆਤ ’ਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਜੋਂ ਸਥਾਪਿਤ ਕੀਤੀ ਗਈ ਸੀ। 1947 ਦੀ ਵੰਡ ਮਗਰੋਂ ਸਿੱਖਾਂ ਦੇ ਹਿਜ਼ਰਤ ਕਰਨ ਤੋਂ ਬਾਅਦ ਇਹ ਇਮਾਰਤ ਈਸਾਈ ਭਾਈਚਾਰੇ ਨੂੰ ਸੌਂਪ ਦਿੱਤੀ ਗਈ ਸੀ, ਜਿਥੇ 1953 ਤੋਂ ਸੇਂਟ ਗੈਬਰੀਅਲ ਪ੍ਰਾਇਮਰੀ ਸਕੂਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹਿੰਦੂ-ਸਿੱਖਾਂ ਦੀਆਂ ਧਾਰਮਿਕ ਯਾਦਗਾਰਾਂ ਅਤੇ ਪੂਜਾ ਅਸਥਾਨਾਂ ਦੇ ਰੱਖ ਰਖਾਅ ਅਤੇ ਪ੍ਰਬੰਧਾਂ ਲਈ ਕਾਇਮ ਕੀਤੇ ਗਏ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਨੇ ਇਸ ਇਤਿਹਾਸਕ ਤੇ ਵਿੱਦਿਅਕ ਜਾਇਦਾਦ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਇਕ ਕਮਰਸ਼ੀਅਲ ਬਿਲਡਰ ਨੂੰ ਵੇਚ ਦਿੱਤਾ। ਇਸ ਤੋਂ ਬਾਅਦ ਇਸ ਇਮਾਰਤ ਨੂੰ ਚੁੱਪ-ਚਪੀਤੇ ਢਾਹ ਦਿੱਤਾ ਗਿਆ।ਪ੍ਰੈੱਸ ਕਾਨਫਰੰਸ ਦੌਰਾਨ ਬਲੋਚ ਸਿੱਖ ਆਗੂਆਂ ਨੇ ਦੱਸਿਆ ਕਿ ਉਕਤ ਕਾਰਵਾਈ ਅਤੇ ਉਸਾਰੀ ਨੂੰ ਰੋਕਣ ਲਈ 29 ਜੁਲਾਈ 2026 ਨੂੰ ਬਲੋਚਿਸਤਾਨ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਲਾਂਕਿ, ਅਦਾਲਤ ਨੇ ਭੂਮੀ ਮਾਫ਼ੀਆ ਦਾ ਪੱਖ ਪੂਰਦਿਆਂ ਉਸਾਰੀ ’ਤੇ ਰੋਕ (ਸਟੇਅ) ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਬਿਲਡਰ ਵਲੋਂ ਹੁਣ ਤੇਜ਼ੀ ਨਾਲ ਪਲਾਜ਼ਾ ਦੀ ਉਸਾਰੀ ਕਰਵਾਈ ਜਾ ਰਹੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਆਗੂਆਂ ਨੇ ਦੱਸਿਆ ਕਿ ਈਸਾਈ ਭਾਈਚਾਰੇ ਨੂੰ ਸਕੂਲ ਲਈ ਬਦਲਵੀਂ ਜ਼ਮੀਨ ਮੁਹੱਈਆ ਕਰਵਾ ਦਿੱਤੀ ਗਈ ਹੈ ਪਰ ਸਿੱਖ ਭਾਈਚਾਰੇ ਦੇ ਇਤਿਹਾਸਕ ਗੁਰਦੁਆਰੇ ਦੀ ਜ਼ਮੀਨ ਅਤੇ ਵਿਰਾਸਤ ਦੇ ਨੁਕਸਾਨ ਬਾਰੇ ਪ੍ਰਸ਼ਾਸਨ ਨੇ ਕੋਈ ਫ਼ੈਸਲਾ ਨਹੀਂ ਲਿਆ।ਘੱਟ-ਗਿਣਤੀ ਆਗੂਆਂ ਅਤੇ ਸਿਵਲ ਸੁਸਾਇਟੀ ਨੇ ਬਲੋਚਿਸਤਾਨ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਾਪਿੰਗ ਪਲਾਜ਼ਾ ਦੀ ਚੱਲ ਰਹੀ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ। ਇਸ ਤੋਂ ਇਲਾਵਾ ਈ. ਟੀ. ਪੀ. ਬੀ. ਵਲੋਂ ਜ਼ਮੀਨ ਦੀ ਵਿਕਰੀ ਅਤੇ ਕਾਨੂੰਨੀ ਰਿਕਾਰਡ ਦੀ ਉੱਚ-ਪੱਧਰੀ ਜਾਂਚ ਕੀਤੀ ਜਾਵੇ।