ਔਲਾਦ ਨੂੰ ਬੁਲੰਦੀਆਂ ’ ਤੇ ਪਹੁੰਚਾਉਣ ਵਾਲੇ ਬਹੁਤੇ ਮਾਪੇ ਬਣੇ ਇਕੱਲੇਪਣ ਦਾ ਸ਼ਿਕਾਰ ਔਲਾਦ ਕੋਲੋਂ ਮਾਤਾ - ਪਿਤਾ ਦੀਆਂ ਅੰਤਿਮ ਰਸਮਾਂ ਲਈ ਵੀ ਨਹੀਂ ਰਿਹਾ ਸਮਾਂ
ਤਰੱਕੀ ਦੀ ਦੌੜ ’ਚ ਜੁੜੇ ਨੌਜਵਾਨਾ ਵਲੋਂ ਬਜ਼ੁਰਗ ਮਾਪਿਆਂ ਨੂੰ ਵਿਸਾਰੇ ਜਾਣ ਦੇ ਮਾਮਲੇ ਵੱਧਣ ਲੱਗੇ ਵੀਰਪਾਲ ਸਿੰਘ ਬਠਿੰਡਾ, 4 ਸਤੰਬਰ -ਭਾਰਤੀ ਸਮਾਜ ਦੀ ਪਛਾਣ ਰਹੇ ਸਾਂਝੇ ਪਰਿਵਾਰਾਂ ਤੇ ਬਜ਼ੁਰਗਾਂ ਦੇ ਸਤਿਕਾਰ ਵਾਲੇ ਸੰਸਕਾਰ ਤੇਜ਼ੀ ਨਾਲ ਬਦਲਣ ਲੱਗੇ ਹਨ। ਪੱਛਮੀ ਜੀਵਨ-ਸ਼ੈਲੀ, ਸ਼ਹਿਰੀਕਰਨ, ਰੁਜ਼ਗਾਰ ਲਈ ਦੂਰ-ਦੁਰਾਡੇ ਵਸੇਬਾ ਅਤੇ ਛੋਟੇ ਪਰਿਵਾਰਾਂ ਦੇ ਵੱਧਦੇ ਰੁਝਾਨ ਨੇ ਪਰਿਵਾਰਕ ਰਿਸ਼ਤਿਆਂ ਦੀ ਤਸਵੀਰ ਵੀ ਬਦਲ ਕੇ ਰੱਖ ਦਿੱਤੀ ਹੈ।
ਇਕੱਲੇਪਣ ਦੀ ਮਾਯੂਸੀ ’ਚ ਬੈਠੇ ਇਕ ਬਜ਼ੁਰਗ ਦੀ ਕੰਪਿਊਟਰ ਤਸਵੀਰ।
05-09-2026
ਵੀਰਪਾਲ ਸਿੰਘ
ਬਠਿੰਡਾ, 4 ਸਤੰਬਰ -ਭਾਰਤੀ ਸਮਾਜ ਦੀ ਪਛਾਣ ਰਹੇ ਸਾਂਝੇ ਪਰਿਵਾਰਾਂ ਤੇ ਬਜ਼ੁਰਗਾਂ ਦੇ ਸਤਿਕਾਰ ਵਾਲੇ ਸੰਸਕਾਰ ਤੇਜ਼ੀ ਨਾਲ ਬਦਲਣ ਲੱਗੇ ਹਨ। ਪੱਛਮੀ ਜੀਵਨ-ਸ਼ੈਲੀ, ਸ਼ਹਿਰੀਕਰਨ, ਰੁਜ਼ਗਾਰ ਲਈ ਦੂਰ-ਦੁਰਾਡੇ ਵਸੇਬਾ ਅਤੇ ਛੋਟੇ ਪਰਿਵਾਰਾਂ ਦੇ ਵੱਧਦੇ ਰੁਝਾਨ ਨੇ ਪਰਿਵਾਰਕ ਰਿਸ਼ਤਿਆਂ ਦੀ ਤਸਵੀਰ ਵੀ ਬਦਲ ਕੇ ਰੱਖ ਦਿੱਤੀ ਹੈ। ਇਸ ਬਦਲਾਅ ਦਾ ਸਭ ਤੋਂ ਵੱਡਾ ਅਸਰ ਬਜ਼ੁਰਗਾਂ ਦੀ ਜ਼ਿੰਦਗੀ ’ਤੇ ਦਿਖਾਈ ਦੇ ਰਿਹਾ ਹੈ। ਅੱਜ ਅਨੇਕਾਂ ਅਜਿਹੇ ਮਾਂ-ਬਾਪ ਹਨ ਜਿਨ੍ਹਾਂ ਨੇ ਆਪਣੀ ਔਲਾਦ ਨੂੰ ਪੜ੍ਹਾਇਆ-ਲਿਖਾਇਆ, ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਆਪਣੀਆਂ ਲੋੜਾਂ ਤੱਕ ਕੁਰਬਾਨ ਕਰ ਦਿੱਤੀਆਂ। ਪਰ ਜਦੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਾਥ ਅਤੇ ਸਹਾਰੇ ਦੀ ਲੋੜ ਪਈ ਤਾਂ ਇਸ ਤੋਂ ਵਾਂਝੇ ਹੋ ਚੁੱਕੇ ਦੇਸ਼ ਦੇ ਕਰੋੜਾਂ ਬਜ਼ੁਰਗ ਆਪਣੇ ਹੀ ਘਰਾਂ ਵਿਚ ਇਕੱਲੇ ਰਹਿਣ ਲਈ ਮਜ਼ਬੂਰ ਹਨ। ਅੰਕੜੇ ਦੱਸਦੇ ਹਨ ਕਿ ਸੰਯੁਕਤ ਰਾਸ਼ਟਰ ਆਬਾਦੀ ਫੰਡ ਯੂ. ਐਨ. ਐਫ. ਪੀ. ਏ. ਦੇ ਸਾਲ 2023 ਅੰਕੜਿਆਂ ਮੁਤਾਬਿਕ ਭਾਰਤ ਵਿਚ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਲਗਪਗ 14.9 ਕਰੋੜ ਸੀ, ਜੋ ਕੁੱਲ ਆਬਾਦੀ ਦਾ ਕਰੀਬ 10.5 ਫੀਸਦ ਹੈ। ਭਾਰਤ ਕੁੱਲ ਅਬਾਦੀ ਦੇ ਉਮਰ ਅੰਕੜਿਆਂ ਮੁਤਾਬਿਕ 2050 ਤੱਕ ਇਹ ਗਿਣਤੀ ਵਧ ਕੇ ਲਗਭਗ 34.7 ਕਰੋੜ ਹੋਣ ਦਾ ਅਨੁਮਾਨ ਹੈ। ਇਸ ਦਾ ਅਰਥ ਹੈ ਕਿ ਆਉਣ ਵਾਲੇ ਦਹਾਕਿਆਂ ਵਿਚ ਬਜ਼ੁਰਗਾਂ ਦੀ ਦੇਖਭਾਲ ਭਾਰਤੀ ਸਮਾਜ ਲਈ ਹੋਰ ਵੀ ਵੱਡੀ ਚੁਣੌਤੀ ਬਣਨ ਵਾਲੀ ਹੈ। ਸੂਬਾ ਵਾਰ ਸਾਲ 2021 ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਕੁੱਲ ਆਬਾਦੀ ਵਿਚ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਅਬਾਦੀ ਦੀ ਹਿੱਸੇਦਾਰੀ ਕੇਰਲ 16.5 ਫੀਸਦੀ, ਤਾਮਿਲਨਾਡੂ 13.7 ਫੀਸਦੀ, ਹਿਮਾਚਲ ਪ੍ਰਦੇਸ਼ ਵਿਚ 13.2, ਪੰਜਾਬ ਵਿਚ 16.8, ਬਿਹਾਰ ਵਿਚ 7.7, ਉਤਰ ਪ੍ਰਦੇਸ਼ ਵਿਚ 8.1 ਫੀਸਦੀ ਆਬਾਦੀ ਹੈ। ਦੇਸ਼ ਦੀ ਕੁੱਲ ਆਬਾਦੀ ਅਨੁਸਾਰ ਸਾਲ 2035 ਤੱਕ ਬਜ਼ੁਰਗਾਂ ਦੀ ਅਬਾਦੀ ਡੇਢ ਗੁਣਾ ਹੋ ਸਕਦੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਕਈ ਬਜ਼ੁਰਗਾਂ ਲਈ ਇਕੱਲਾਪਣ ਸਿਰਫ਼ ਘਰ ਵਿਚ ਇਕੱਲੇ ਰਹਿਣ ਤੱਕ ਸੀਮਤ ਨਹੀਂ ਰਹਿੰਦਾ। ਬੱਚਿਆਂ ਦਾ ਵਿਦੇਸ਼ਾਂ ਜਾਂ ਵੱਡੇ ਸ਼ਹਿਰਾਂ ਵਿਚ ਵੱਸ ਜਾਣਾ, ਰੁਜ਼ਗਾਰ ਦੀਆਂ ਮਜ਼ਬੂਰੀਆਂ ਅਤੇ ਬਦਲਦੇ ਪਰਿਵਾਰਕ ਢਾਂਚੇ ਕਾਰਨ ਉਨ੍ਹਾਂ ਨਾਲ ਰੋਜ਼ਾਨਾ ਗੱਲਬਾਤ ਅਤੇ ਸਾਂਝ ਵੀ ਘੱਟ ਰਹੀ ਹੈ। ਕਈ ਥਾਵਾਂ ’ਤੇ ਤਾਂ ਹਾਲਾਤ ਇਥੋਂ ਤੱਕ ਪਹੁੰਚ ਰਹੇ ਹਨ ਕਿ ਬਜ਼ੁਰਗ ਦੀ ਮੌਤ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਅਤੇ ਭੋਗ ਦੀਆਂ ਰਸਮਾਂ ਨਿਭਾਉਣ ਲਈ ਵੀ ਸਮਾਜ ਸੇਵੀ ਸੰਸਥਾਵਾਂ ਜਾਂ ਸੁਸਾਇਟੀਆਂ ਦੀ ਮਦਦ ਲੈਣੀ ਪੈਂਦੀ ਹੈ। ਰਿਪੋਰਟਾਂ ਅਨੁਸਾਰ ਮਈ ਮਹੀਨੇ ਵਿਚ ਮੈਡੀਕਲ ਲਾਈਨ ਵਿਚ ਰਹੇ ਤਿੰਨ ਧੀਆਂ ਦੇ ਬਾਪ ਦਾ ਸੰਸਕਾਰ ਸਮਾਜ ਸੇਵੀ ਸੰਸਥਾ ਦੁਆਰਾ ਕੀਤਾ ਗਿਆ। ਤਿੰਨੋਂ ਧੀਆਂ ਪਿਤਾ ਦੀ ਅੰਤਿਮ ਵਿਦਾਈ ਵੇਲੇ ਨਹੀਂ ਪਹੁੰਚੀਆਂ। ਇਹ ਸਥਿਤੀ ਸਿਰਫ਼ ਇਕ ਪਰਿਵਾਰ ਦੀ ਨਹੀਂ, ਸਗੋਂ ਸਮਾਜ ਦੇ ਬਦਲਦੇ ਵਿਵਹਾਰ ਬਾਰੇ ’ਚ ਗੰਭੀਰ ਸਵਾਲ ਖੜ੍ਹੇ ਕਰਦੀ ਹੈ।