ਸਰਹਿੰਦ ਨਹਿਰ ’ਚ ਗਣਪਤੀ ਵਿਸਰਜਨ ਦੌਰਾਨ ਭੈਣ-ਭਰਾ ਡੁੱਬੇ
ਬਠਿੰਡਾ, 22 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੀ ਸਰਹਿੰਦ ਨਹਿਰ ਵਿਚ ਮੰਗਲਵਾਰ ਦੇਰ ਸ਼ਾਮ ਗਣਪਤੀ ਵਿਸਰਜਨ ਦੌਰਾਨ ਵਾਪਰੇ ਹਾਦਸੇ ਤੋਂ ਬਾਅਦ ਲਾਪਤਾ ਹੋਏ 12 ਸਾਲਾ ਰਿਸ਼ੂ ਅਤੇ 7 ਸਾਲਾ ਅੰਜਨਾ ਦੀ ਭਾਲ ਲਈ ਬਚਾਅ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਗਏ । ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਸਮੇਤ ਟੀਮ ਮੌਕੇ ’ਤੇ ਪਹੁੰਚੀ ਅਤੇ ਨਹਿਰ ਵਿਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ।
ਬਠਿੰਡਾ, 22 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੀ ਸਰਹਿੰਦ ਨਹਿਰ ਵਿਚ ਮੰਗਲਵਾਰ ਦੇਰ ਸ਼ਾਮ ਗਣਪਤੀ ਵਿਸਰਜਨ ਦੌਰਾਨ ਵਾਪਰੇ ਹਾਦਸੇ ਤੋਂ ਬਾਅਦ ਲਾਪਤਾ ਹੋਏ 12 ਸਾਲਾ ਰਿਸ਼ੂ ਅਤੇ 7 ਸਾਲਾ ਅੰਜਨਾ ਦੀ ਭਾਲ ਲਈ ਬਚਾਅ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਗਏ । ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਸਮੇਤ ਟੀਮ ਮੌਕੇ ’ਤੇ ਪਹੁੰਚੀ ਅਤੇ ਨਹਿਰ ਵਿਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ । ਇਸ ਦੌਰਾਨ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਈ, ਜਦਕਿ ਬੱਚਿਆਂ ਦੀ ਭਾਲ ਲਈ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਵੀ ਬੁਲਾਇਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਭੈਣ-ਭਰਾ ਹਨ ਅਤੇ ਜੋਗੀ ਨਗਰ ਦੀ ਗਲੀ ਨੰਬਰ 18, ਟਿੱਬੇ ਵਾਲੇ ਇਲਾਕੇ ਵਿਚ ਰਹਿੰਦੇ ਹਨ । ਮੰਗਲਵਾਰ ਦੇਰ ਸ਼ਾਮ ਜਦੋਂ ਸਥਾਨਕ ਲੋਕ ਸਰਹਿੰਦ ਨਹਿਰ ਵਿਚ ਗਣਪਤੀ ਵਿਸਰਜਨ ਕਰ ਰਹੇ ਸਨ ਤਾਂ ਨਹਿਰ ਕਿਨਾਰੇ ਖੜੀ 7 ਸਾਲਾ ਅੰਜਨਾ ਦਾ ਅਚਾਨਕ ਪੈਰ ਫਿਸਲ ਗਿਆ ਤੇ ਉਹ ਨਹਿਰ ਦੇ ਤੇਜ਼ ਵਹਾਅ ਵਿਚ ਜਾ ਡਿੱਗੀ । ਅੰਜਨਾ ਨੂੰ ਬਚਾਉਣ ਲਈ ਉਸ ਦਾ 12 ਸਾਲਾ ਵੱਡਾ ਭਰਾ ਰਿਸ਼ੂ ਅੱਗੇ ਵਧਿਆ ਤੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ। ਪਰ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵਾਂ ਦਾ ਸੰਤੁਲਨ ਵਿਗੜ ਗਿਆ ਤੇ ਦੋਵੇਂ ਪਾਣੀ ਵਿਚ ਰੁੜ੍ਹ ਗਏ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚਿਆਂ ਦਾ ਪਿਤਾ ਨੇ ਦੱਸਿਆ ਕਿ ਉਹ ਪ੍ਰਵਾਸੀ ਮਜ਼ਦੂਰ ਹੈ ਅਤੇ ਮਾਲ ਰੋਡ ਸਥਿਤ ਇਕ ਹੋਟਲ ਵਿਚ ਕੰਮ ਕਰਦਾ ਹੈ। ਹਾਦਸੇ ਸਮੇਂ ਉਹ ਹੋਟਲ ਵਿਚ ਕੰਮ ਕਰ ਰਿਹਾ ਸੀ।